ਨਿੱਜੀ ਪੱਤਰ ਪ੍ਰੇਰਕ
ਫਤਹਿਗੜ੍ਹ ਸਾਹਿਬ, 15 ਜੁਲਾਈ
ਮੀਂਹ ਦੇ ਪਾਣੀ ਕਾਰਨ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਹਿ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਫ਼ਤਹਿਗੜ੍ਹ ਸਾਹਿਬ ਦਾ ਕਾਫੀ ਨੁਕਸਾਨ ਹੋਇਆ ਹੈ। ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਲਬਿੜਾ, ਸਕੂਲ ਦੇ ਆਨਰੇਰੀ ਸਕੱਤਰ ਡਾ.ਗੁਰਮੋਹਨ ਸਿੰਘ ਵਾਲੀਆ ਅਤੇ ਸਾਬਕਾ ਪ੍ਰਿੰਸੀਪਲ ਆਰਐੱਸ ਬਾਜਵਾ ਨੇ ਸਕੂਲ ਵਿੱਚ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਮਗਰੋਂ ਦੱਸਿਆ ਕਿ ਭਾਰੀ ਬਰਸਾਤ ਕਾਰਨ ਸਕੂਲ ਦਾ ਕਾਫ਼ੀ ਨੁਕਸਾਨ ਹੋਇਆ ਹੈ। ਸਕੂਲ ਦਾ ਫਰਨੀਚਰ ਅਤੇ ਤਕਰੀਬਨ ਸਾਰਾ ਹੀ ਰਿਕਾਰਡ ਮੀਂਹ ਵਿਚ ਭਿੱਜ ਗਿਆ। ਸਕੂਲ ਨੇ ਕੁਝ ਸਮੇਂ ਪਹਿਲਾਂ ਹੀ ਨਵੇਂ ਕੰਪਿਊਟਰ ਲਏ ਸਨ, ਉਹ ਵੀ ਮੀਂਹ ਦੀ ਲਪੇਟ ਵਿੱਚ ਆ ਗਏ। ਉਨ੍ਹਾਂ ਦੱਸਿਆ ਕਿ ਸਕੂਲ ਦੇ ਸਟਾਫ ਮੈਂਬਰ ਸਕੂਲ ਪ੍ਰਿੰਸੀਪਲ ਅਰਸ਼ਦੀਪ ਕੌਰ ਦੀ ਅਗਵਾਈ ਵਿਚ ਸਾਫ ਸਫਾਈ ਵਿਚ ਲੱਗੇ ਹੋਏ ਹਨ ਤਾਂ ਜੋ ਸੋਮਵਾਰ ਤੋਂ ਸਕੂਲ ਆਮ ਵਾਂਗ ਚਾਲੂ ਹੋ ਜਾਵੇ। ਜ਼ਿਰਰਯੋਗ ਹੈ ਕਿ ਇਹ ਸਕੂਲ ਇਲਾਕੇ ਦੇ ਸਭ ਤੋਂ ਪੁਰਾਣੇ ਸਕੂਲਾਂ ਵਿੱਚ ਇੱਕ ਹੈ, ਜੋ ਗੁਰਦੁਆਰਾ ਸ੍ਰੀ ਜੋਤੀ ਸਰੂਪ ਦੇ ਮੋੜ ’ਤੇ ਸਥਿਤ ਹੈ। ਸਕੂਲ ਵਿੱਚ ਮੀਂਹ ਕਾਰਨ ਪਾਣੀ ਇਕੱਠਾ ਹੋ ਗਿਆ ਸੀ। ਸਕੂਲ ਦੇ ਕਈ ਸਟਾਫ ਮੈਂਬਰ ਵੀ ਸਕੂਲ ਵਿੱਚ ਰਹਿੰਦੇ ਹਨ,ਜਿਨ੍ਹਾਂ ਨੂੰ ਵੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ।