ਪੱਤਰ ਪ੍ਰੇਰਕ
ਬਨੂੜ, 20 ਦਸੰਬਰ
ਪੰਜਾਬ ਸਰਕਾਰ ਵੱਲੋਂ ਬਨੂੜ ਖੇਤਰ ਦੇ ਖਾਸਪੁਰ ਅਤੇ ਕਲੌਲੀ ਦੇ ਮਿਡਲ ਸਕੂਲਾਂ ਨੂੰ ਹਾਈ ਅਤੇ ਤਿੰਨ ਹਾਈ ਸਕੂਲਾਂ ਹੁਲਕਾ, ਮਨੌਲੀ ਸੂਰਤ ਅਤੇ ਖੇੜਾ ਗੱਜੂ ਨੂੰ ਸੀਨੀਅਰ ਸੈਕੰਡਰੀ ਵਜੋਂ ਅਪਗਰੇਡ ਕੀਤਾ ਗਿਆ ਹੈ। ਸਮੁੱਚੇ ਪਿੰਡਾਂ ਦੀ ਪੰਚਾਇਤਾਂ ਨੇ ਸਕੂਲਾਂ ਦਾ ਦਰਜਾ ਵਧਣ ਦੀ ਖੁਸ਼ੀ ਵਿੱਚ ਲੱਡੂ ਵੰਡੇ ਅਤੇ ਸਕੂਲਾਂ ਦਾ ਦਰਜਾ ਵਧਾਉਣ ਲਈ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਮਨੌਲੀ ਸੂਰਤ ਦੇ ਸਰਪੰਚ ਨੈਬ ਸਿੰਘ ਦੀ ਅਗਵਾਈ ਹੇਠ ਪਿੰਡ ਦੇ ਪਤਵੰਤਿਆਂ ਨੇ ਸਕੂਲ ਦੇ ਅਹਾਤੇ ਵਿੱਚ ਜਾ ਕੇ ਬੱਚਿਆਂ ਨਾਲ ਖੁਸ਼ੀ ਸਾਂਝੀ ਕੀਤੀ ਅਤੇ ਲੱਡੂ ਵੰਡੇ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਉਨ੍ਹਾਂ ਦੀ ਸਕੂਲ ਨੂੰ ਅਪਗਰੇਡ ਦੀ ਮੰਗ ਚੱਲਦੀ ਆ ਰਹੀ ਸੀ, ਜਿਹੜੀ ਕਿ ਹੁਣ ਪੂਰੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਖੇਤਰ ਵਿੱਚ ਕੋਈ ਵੀ ਸੀਨੀਅਰ ਸੈਕੰਡਰੀ ਸਕੂਲ ਨਾ ਹੋਣ ਕਾਰਨ ਬੱਚਿਆਂ ਨੂੰ ਬਨੂੜ ਪੜ੍ਹਨ ਜਾਣਾ ਪੈਂਦਾ ਸੀ।ਪਿੰਡ ਹੁਲਕਾ ਦੇ ਸਰਪੰਚ ਮਨਜੀਤ ਸਿੰਘ ਅਤੇ ਜ਼ਿਲ੍ਹਾ ਪਰਿਸ਼ਦ ਮੈਂਬਰ ਖਜ਼ਾਨ ਸਿੰਘ ਹੁਲਕਾ ਨੇ ਵੀ ਸਕੂਲ ਦਾ ਦਰਜਾ ਵਧਾਉਣ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਇਸ ਦੀ ਬਹੁਤ ਲੋੜ ਸੀ ਅਤੇ ਪੇਂਡੂ ਖੇਤਰ ਦੇ ਵਿਦਿਆਰਥੀਆਂ ਨੂੰ ਇਸ ਦਾ ਭਾਰੀ ਫਾਇਦਾ ਹੋਵੇਗਾ। ਬਾਕੀ ਪਿੰਡਾਂ ਦੀਆਂ ਪੰਚਾਇਤਾਂ ਨੇ ਵੀ ਸਕੂਲਾਂ ਦਾ ਦਰਜਾ ਵਧਾਏ ਜਾਣ ਉੱਤੇ ਖੁਸ਼ੀ ਪ੍ਰਗਟ ਕੀਤੀ।