ਮੁੱਖ ਅੰਸ਼
- ਸਰਕਾਰੀ ਸਕੂਲਾਂ ਵਿਚ 3.80 ਫੀਸਦੀ ਰਹੀ ਹਾਜ਼ਰੀ
- ਦਸਵੀਂ, ਗਿਆਰ੍ਹਵੀਂ ਤੇ ਬਾਰ੍ਹਵੀਂ ਜਮਾਤ ਲਈ ਆਫਲਾਈਨ ਜਮਾਤਾਂ ਹੋਈਆਂ ਸ਼ੁਰੂ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 1 ਫਰਵਰੀ
ਯੂਟੀ ਵਿੱਚ ਕਰੋਨਾ ਦੇ ਕੇਸ ਘਟਣ ਤੋਂ ਬਾਅਦ ਦਸਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਅੱਜ ਸਕੂਲ ਖੁੱਲ੍ਹ ਗਏ। ਅੱਜ ਲਗਪਗ ਸਾਰੇ ਹੀ ਸਰਕਾਰੀ ਸਕੂਲ ਖੁੱਲ੍ਹੇ ਤੇ ਜ਼ਿਆਦਾਤਰ ਪ੍ਰਾਈਵੇਟ ਸਕੂਲਾਂ ਨੇ ਇਨ੍ਹਾਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਸਕੂਲ ਨਹੀਂ ਸੱਦਿਆ। ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਹਾਜ਼ਰੀ ਬਹੁਤ ਘੱਟ ਰਹੀ। ਦੂਜੇ ਪਾਸੇ ਸਕੂਲ ਮੁਖੀਆਂ ਨੇ ਕਿਹਾ ਕਿ ਆਉਂਦੇ ਦਿਨਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਵਧੇਗੀ।
ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿਚ ਦਸਵੀਂ ਜਮਾਤ ਦੇ 13,320 ਵਿਦਿਆਰਥੀ ਹਨ ਜਿਨ੍ਹਾਂ ਵਿਚੋਂ ਅੱਜ ਸਿਰਫ 3.38 ਫੀਸਦੀ ਦੀ ਦਰ ਨਾਲ 450 ਵਿਦਿਆਰਥੀ ਹੀ ਸਕੂਲ ਆਏ। ਗਿਆਰ੍ਹਵੀਂ ਜਮਾਤ ਵਿਚ ਕੁੱਲ 14, 274 ਵਿਦਿਆਰਥੀ ਹਨ ਜਿਨ੍ਹਾਂ ਵਿਚੋਂ 755 ਵਿਦਿਆਰਥੀਆਂ ਨੇ ਆਫਲਾਈਨ ਸਿੱਖਿਆ ਲਈ ਜੋ 5.29 ਫੀਸਦੀ ਬਣਦੇ ਹਨ। ਇਸੇ ਤਰ੍ਹਾਂ ਬਾਰ੍ਹਵੀਂ ਜਮਾਤ ਵਿਚ 12,379 ਵਿਦਿਆਰਥੀਆਂ ਵਿਚੋਂ 315 ਵਿਦਿਆਰਥੀਆਂ ਨੇ ਸਕੂਲਾਂ ਦਾ ਰੁਖ਼ ਕੀਤਾ ਜੋ 2.54 ਫੀਸਦੀ ਹਨ। ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅੱਜ ਸਰਕਾਰੀ ਸਕੂਲਾਂ ਵਿਚ 39,973 ਵਿਦਿਆਰਥੀਆਂ ਵਿਚੋਂ ਸਿਰਫ 1520 ਵਿਦਿਆਰਥੀ ਹੀ ਸਕੂਲ ਆਏ ਜੋ 3.80 ਫੀਸਦੀ ਬਣਦੇ ਹਨ। ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੇ ਦੱਸਿਆ ਕਿ ਪਹਿਲੇ ਦਿਨ ਸੀਮਤ ਗਿਣਤੀ ਵਿਚ ਵਿਦਿਆਰਥੀ ਆਏ। ਅੱਜ ਧੁੰਦ ਤੇ ਠੰਢ ਵਾਲਾ ਦਿਨ ਸੀ, ਇਸ ਕਰ ਕੇ ਵੀ ਵਿਦਿਆਰਥੀਆਂ ਦੀ ਹਾਜ਼ਰੀ ਘੱਟ ਰਹੀ ਹੈ।
ਆਨਲਾਈਨ ਪੜ੍ਹਾਈ ਨੂੰ ਤਰਜੀਹ ਦੇਣਗੇ ਬੱਚੇ
ਇਥੋਂ ਦੇ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ਨੇ ਦੱਸਿਆ ਕਿ ਹਾਲੇ ਕਰੋਨਾ ਦਾ ਖਤਰਾ ਘਟਿਆ ਨਹੀਂ ਹੈ ਜਿਸ ਕਰ ਕੇ ਉਹ ਆਪਣੇ ਬੱਚਿਆਂ ਨੂੰ ਸਕੂਲ ਨਹੀਂਂ ਭੇਜਣਗੇ। ਇਕ ਹੋਰ ਵਿਦਿਆਰਥੀ ਦੇ ਪਿਤਾ ਨੇ ਦੱਸਿਆ ਕਿ ਭਾਵੇਂ ਉਨ੍ਹਾਂ ਦੇ ਬੱਚਿਆਂ ਨੂੰ ਕਰੋਨਾ ਦੀ ਪਹਿਲੀ ਡੋਜ਼ ਲੱਗ ਗਈ ਹੈ ਪਰ ਉਹ ਹਾਲੇ ਹੋਰ ਇੰਤਜ਼ਾਰ ਕਰਨਗੇ ਤੇ ਕਰੋਨਾ ਦੇ ਕੇਸ ਬਿਲਕੁਲ ਬੰਦ ਹੋਣ ’ਤੇ ਵੀ ਬੱਚਿਆਂ ਨੂੰ ਸਕੂਲ ਭੇਜਣਗੇ। ਦੂਜੇ ਪਾਸੇ ਸਟਰਾਅਬੇਰੀ ਫੀਲਡ ਸਕੂਲ ਸੈਕਟਰ-26 ਦੇ ਡਾਇਰੈਕਟਰ ਅਤੁਲ ਖੰਨਾ ਨੇ ਦੱਸਿਆ ਕਿ ਪਹਿਲੇ ਦਿਨ ਨਾਂਮਾਤਰ ਵਿਦਿਆਰਥੀਆਂ ਨੇ ਹੀ ਸਕੂਲ ਆ ਕੇ ਪੜ੍ਹਾਈ ਕੀਤੀ। ਸੇਂਟ ਜੌਹਨਜ਼ ਸਕੂਲ ਸੈਕਟਰ-26 ਦੀ ਪ੍ਰਿੰਸੀਪਲ ਕਵਿਤਾ ਦਾਸ ਨੇ ਦੱਸਿਆ ਕਿ ਪਹਿਲੇ ਦਿਨ 25 ਤੋਂ 30 ਫੀਸਦੀ ਵਿਦਿਆਰਥੀਆਂ ਨੇ ਸਕੂਲ ਆ ਕੇ ਆਫਲਾਈਨ ਪੜ੍ਹਾਈ ਕੀਤੀ।
ਪ੍ਰਾਈਵੇਟ ਸਕੂਲਾਂ ਨੇ ਹਾਲੇ ਨਹੀਂ ਸੱਦੇ ਵਿਦਿਆਰਥੀ
ਇਹ ਵੀ ਪਤਾ ਲੱਗਾ ਹੈ ਕਿ ਭਵਨ ਵਿਦਿਆਲਿਆ ਸਕੂਲ ਸੈਕਟਰ-27 ਨੇ ਹਾਲੇ ਵਿਦਿਆਰਥੀਆਂ ਨੂੰ ਸਕੂਲ ਸੱਦਣ ਦੀ ਕੋਈ ਯੋਜਨਾ ਨਹੀਂ ਬਣਾਈ। ਇਸ ਸਕੂਲ ਦੇ ਅਧਿਆਪਕ ਨੇ ਦੱਸਿਆ ਕਿ ਕਰੋਨਾ ਦੇ ਨਵੇਂ ਰੂਪ ਕਾਰਨ ਵਿਦਿਆਰਥੀਆਂ ਦੇ ਮਾਪਿਆਂ ਵਿਚ ਦਹਿਸ਼ਤ ਹੈ ਤੇ ਹਾਲੇ ਸਕੂਲ ਪ੍ਰਬੰਧਕਾਂ ਨੇ ਸਕੂਲ ਖੋਲ੍ਹਣ ਦੀ ਕੋਈ ਮਿਤੀ ਨਿਰਧਾਰਿਤ ਨਹੀਂ ਕੀਤੀ। ਦੂਜੇ ਪਾਸੇ ਗੁਰੂਕੁਲ ਗਲੋਬਲ ਸਕੂਲ ਵੀ ਹਾਲੇ ਨਹੀਂ ਖੁੱਲ੍ਹਿਆ। ਇਸ ਸਕੂਲ ਦੇ ਪ੍ਰਬੰਧਕ ਨੇ ਦੱਸਿਆ ਕਿ ਉਨ੍ਹਾਂ ਵਲੋਂ 7 ਫਰਵਰੀ ਤੋਂ ਦਸਵੀਂ ਤੋਂ ਬਾਰ੍ਹਵੀਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਸਕੂਲ ਸੱਦਿਆ ਜਾਵੇਗਾ। ਇਸੇ ਤਰ੍ਹਾਂ ਹੋਰ ਪ੍ਰਾਈਵੇਟ ਸਕੂਲ ਵੀ ਬੰਦ ਰਹੇ ਜੋ ਅਗਲੇ ਹਫਤੇ ਤੋਂ ਸਕੂਲ ਖੋਲ੍ਹਣ ਦੀ ਯੋਜਨਾ ਬਣਾ ਰਹੇ ਹਨ।