ਪੱਤਰ ਪ੍ਰੇਰਕ
ਪੰਚਕੂਲਾ, 15 ਮਾਰਚ
ਪਿੰਜ਼ੌਰ ਵਿੱਚ ਟਰੱਕ ਦੀ ਲਪੇਟ ਵਿੱਚ ਆਉਣ ਕਾਰਨ ਸਕੂਟੀ ਸਵਾਰ ਦੀ ਮੌਤ ਹੋ ਗਈ। ਇਹ ਹਾਦਸਾ ਪਿੰਜ਼ੋਰ ਦੇ ਨੈਸ਼ਨਲ ਹਾਈਵੇਅ ਉੱਤੇ ਮੱਲ੍ਹਾਂ ਚੌਕ ਟਰੈਫਿਕ ਲਾਈਟ ਨੇੜੇ ਹੋਇਆ। ਮ੍ਰਿਤਕ ਦੀ ਪਛਾਣ ਟੋਨੀ (45) ਵਾਸੀ ਮਨੀਮਾਜਰਾ ਚੰਡੀਗੜ੍ਹ ਵਜੋਂ ਹੋਈ। ਸ਼ਿਕਾਇਤਕਰਤਾ ਉਮੇਸ਼ ਨੇ ਦੱਸਿਆ ਕਿ ਉਸ ਦੀ ਟਿੱਪਰਾ ਰੋਡ ਪਿੰਜ਼ੌਰ ਵਿੱਚ ਆਟੋ-ਮੋਬਾਈਲ ਵਰਕਸ਼ਾਪ ਹੈ। ਟੋਨੀ ਉਸ ਦੀ ਦੁਕਾਨ ’ਤੇ ਕੰਮ ਕਰਦਾ ਸੀ। ਉਹ ਰਿਪੇਅਰ ਦਾ ਸਾਮਾਨ ਲੈਣ ਵਾਸਤੇ ਮਨੀਮਾਜਰਾ ਗਿਆ ਸੀ। ਵਾਪਸੀ ਸਮੇਂ ਸ਼ਾਮ ਨੂੰ ਜਦੋਂ ਉਹ ਟ੍ਰੈਫਿਕ ਲਾਈਟ ਲਾਗੇ ਪਹੁੰਚਿਆ ਤਾਂ ਟਰੱਕ ਚਾਲਕ ਨੇ ਟੋਨੀ ਦੀ ਸਕੂਟੀ ਨੂੰ ਟੱਕਰ ਮਾਰ ਦਿੱਤੀ। ਗੰਭੀਰ ਹਾਲਤ ਵਿੱਚ ਉਸ ਨੂੰ ਸੈਕਟਰ-6 ਪੰਚਕੂਲਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਆਵਾਰਾ ਪਸ਼ੂ ਦੀ ਟੱਕਰ ਕਾਰਨ ਔਰਤ ਗੰਭੀਰ ਜ਼ਖ਼ਮੀ
ਮੋਰਿੰਡਾ (ਪੱਤਰ ਪ੍ਰੇਰਕ): ਇਲਾਕੇ ਵਿੱਚ ਘੁੰਮ ਰਹੇ ਆਵਾਰਾ ਪਸ਼ੂ ਨੇ ਔਰਤ ਨੂੰ ਟੱਕਰ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਇਸ ਸਬੰਧੀ ਹਰਪਾਲ ਸਿੰਘ ਦਤਾਰਪੁਰ ਨੇ ਦੱਸਿਆ ਕਿ ਪਰਮਜੀਤ ਕੌਰ ਵਾਸੀ ਦਤਾਰਪੁਰ ਨੂੰ ਇੱਕ ਆਵਾਰਾ ਪਸ਼ੂ ਨੇ ਟੱਕਰ ਮਾਰ ਦਿੱਤੀ ਜਿਸ ਵਿੱਚ ਉਹ ਜ਼ਖ਼ਮੀ ਹੋ ਗਈ। ਉਨ੍ਹਾਂ ਦੱਸਿਆ ਕਿ ਪਰਮਜੀਤ ਕੌਰ ਸਰਕਾਰੀ ਹਸਪਤਾਲ ਮੋਰਿੰਡਾ ਵਿੱਚ ਜ਼ੇਰੇ ਇਲਾਜ ਹੈ। ਇਸ ਮੌਕੇ ਐਡਵੋਕੇਟ ਮਨਜੀਤ ਸਿੰਘ ਨਾਗਰਾ, ਐਡਵੋਕੇਟ ਜਸਵਿੰਦਰ ਸਿੰਘ ਢਿੱਲੋਂ, ਐਡਵੋਕੇਟ ਵਰਿੰਦਰ ਧੀਮਾਨ ਅਤੇ ਮਨਦੀਪ ਸਿੰਘ ਰੋਣੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਆਵਾਰਾ ਪਸ਼ੂਆਂ ਨੂੰ ਨੱਥ ਪਾਈ ਜਾਵੇ।