ਮੁੱਲਾਂਪੁਰ ਗਰੀਬਦਾਸ (ਪੱਤਰ ਪ੍ਰੇਰਕ): ਪੁਲੀਸ ਥਾਣਾ ਨਵਾਂ ਗਾਉਂ ਦੇ ਮੁੱਖ ਅਫਸਰ ਇੰਸਪੈਕਟਰ ਕੁਲਵੰਤ ਸਿੰਘ ਨੇ ਬੀਤੀ ਰਾਤ ਨਗਰ ਕੌਂਸਲ ਨਵਾਂ ਗਾਉਂ ਅਧੀਨ ਪੈਂਦੇ ਇਲਾਕੇ ਵਿੱਚ ਲੋਕਾਂ ਵੱਲੋਂ ਬਣਾਏ ਗਏ ਪੀਜੀ, ਗੈਸਟ ਹਾਊਸਾਂ ਅਤੇ ਹੋਟਲਾਂ ਦੀ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਐੱਸਐੱਚਓ ਨੇ ਦੱਸਿਆ ਕਿ ਨਸ਼ੇ ਚੱਲਣ ਦੀ ਗੁਪਤ ਸੂਚਨਾ ਮਿਲਣ ਮਗਰੋਂ ਪੀਜੀ ਵਿੱਚ ਕੀਤੀ ਰੇਡ ਦੌਰਾਨ ਦੋ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ਉਤੇ ਗ੍ਰਿਫਤਾਰ ਕੀਤਾ ਗਿਆ ਸੀ, ਜਿਨ੍ਹਾਂ ਦੀ ਜਾਂਚ ਪੜਤਾਲ ਕਰਨ ਤੋਂ ਬਾਅਦ ਦੇਰ ਰਾਤ ਛੱਡ ਦਿੱਤਾ ਗਿਆ। ਪੁਲੀਸ ਅਨੁਸਾਰ ਜ਼ਿਲਾ ਪੁਲੀਸ ਮੁਖੀ ਵਿਵੇਕਸ਼ੀਲ ਸੋਨੀ ਵੱਲੋਂ ਦਿੱਤੇ ਗਏ ਸਖਤ ਹੁਕਮਾਂ ਦੇ ਆਧਾਰ ਉਤੇ ਨਵਾਂ ਗਾਉਂ ਕਸਬੇ ਦੇ ਸਾਰੇ ਪੀਜੀ, ਗੈਸਟ ਹਾਊਸ ਤੇ ਹੋਟਲ ਮਾਲਕਾਂ ਨੂੰ ਸਖਤ ਹਦਾਇਤ ਕੀਤੀ ਗਈ ਹੈ ਕਿ ਆਪਣੇ ਪੀਜੀ ਆਦਿ ਦਾ ਪੂਰਾ ਪਤਾ ਸਮੇਤ ਉਥੇ ਆਉਣ ਜਾਣ ਵਾਲੇ ਵਿਦਿਆਰਥੀਆਂ, ਲੋਕਾਂ ਸਬੰਧੀ ਪੂਰਾ ਬਿਓਰਾ ਆਪ ਵੀ ਰੱਖਿਆ ਜਾਵੇ ਅਤੇ ਉਸ ਦੀ ਇੱਕ ਕਾਪੀ ਪੁਲੀਸ ਨੂੰ ਵੀ ਦਿੱਤੀ ਜਾਵੇੇੇ।