ਮੁਕੇਸ਼ ਕੁਮਾਰ
ਚੰਡੀਗੜ੍ਹ, 1 ਮਾਰਚ
ਚੰਡੀਗੜ੍ਹ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਸਰੋਤ ਪੱਧਰ ਤੋਂ ਸੁੱਕਾ ਤੇ ਗਿੱਲਾ ਕੂੜਾ ਵੱਖੋ-ਵੱਖਰਾ ਇਕੱਠਾ ਕਰਨ ਲਈ ਸ਼ੁਰੂ ਕੀਤੀ ਗਈ ਯੋਜਨਾ ਦੇ ਦੂਜੇ ਪੜਾਅ ਤਹਿਤ ਘਰ-ਘਰ ਤੋਂ ਕੂੜਾ ਇਕੱਤਰ ਕਰਨ ਵਾਲੇ ਨਗਰ ਨਿਗਮ ਦੇ ਵਾਹਨਾਂ ਨੂੰ ਮੇਅਰ ਰਵੀ ਕਾਂਤ ਸ਼ਰਮਾ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇੱਥੇ ਸੈਕਟਰ 38 ਸਥਿਤ ਮਹਿਲਾ ਭਵਨ ਤੋਂ ਇਸ ਯੋਜਨਾ ਨੂੰ ਲੈ ਕੇ ਲਾਏ ਗਏ ਨਗਰ ਨਿਗਮ ਦੇ ਵਾਹਨਾਂ ਨੂੰ ਹਰੀ ਝੰਡੀ ਦਿਖਾਈ ਗਈ। ਮੇਅਰ ਰਵੀ ਕਾਂਤ ਸ਼ਰਮਾ ਨੇ ਕਿਹਾ ਕਿ ਨਗਰ ਨਿਗਮ ਵੱਲੋਂ ‘ਸਵੱਛ ਭਾਰਤ ਮਿਸ਼ਨ’ ਤਹਿਤ ਸਰੋਤ ਪੱਧਰ ਤੋਂ ਸੁੱਕਾ ਤੇ ਗਿੱਲਾ ਕੂੜਾ ਵੱਖੋ-ਵੱਖਰਾ ਇਕੱਠਾ ਕਰਨ ਦੇ ਯੋਜਨਾ ਨੂੰ ਪਹਿਲੇ ਪੜਾਅ ਵਿੱਚ ਇੱਥੋਂ ਦੇ ਸੈਕਟਰ 1 ਤੋਂ ਲੈ ਕੇ ਸੈਕਟਰ 30 ਵਿੱਚ ਲਾਗੂ ਕੀਤਾ ਜਾ ਚੁੱਕਿਆ ਹੈ। ਅੱਜ ਇਸ ਯੋਜਨਾ ਨੂੰ ਦੂਜੇ ਪੜਾਅ ਵਿੱਚ ਸ਼ਹਿਰ ਦੇ ਦੱਖਣੀ ਸੈਕਟਰਾਂ ਵਿੱਚ ਵੀ ਲਾਗੂ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਤੋਂ ਨਗਰ ਨਿਗਮ ਦੇ 70 ਵਾਹਨਾਂ ਰਾਹੀਂ ਸ਼ਹਿਰ ਦੇ ਸੈਕਟਰ 31, 32, 33, 34, 35, 36, 37, 38, 38 ਪੱਛਮ, 46, 47 ਅਤੇ 48 ਵਿੱਚੋਂ ਘਰ ਘਰ ਤੋਂ ਕੂੜਾ ਇਕੱਤਰ ਕਰਨ ਦੀ ਯੋਜਨਾ ਸ਼ੁਰੂ ਕੀਤਾ ਜਾ ਰਹੀ ਹੈ। ਨਗਰ ਨਗਰ ਨਿਗਮ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਦੱਸਿਆ ਕਿ ਨਗਰ ਨਿਗਮ ਦੇ ਵਾਹਨਾਂ ਰਾਹੀਂ ਘਰ ਘਰ ਤੋਂ ਕੂੜਾ ਇਕੱਤਰ ਜਾਵੇਗਾ। ਇਹ ਵਾਹਨ ਜੀਪੀਐੱਸ ਟਰੈਕਿੰਗ ਪ੍ਰਣਾਲੀ ਨਾਲ ਲੈਸ ਹਨ। ਉਨ੍ਹਾਂ ਦੱਸਿਆ ਕਿ ਸਵੱਛ ਭਾਰਤ ਯੋਜਨਾ ਤਹਿਤ 223 ਹੋਰ ਵਾਹਨ ਪੂਰੇ ਸ਼ਹਿਰ ਵਿੱਚ ਘਰ ਘਰ ਤੋਂ ਕੂੜਾ ਇਕੱਤਰ ਕਰਨ ਲਈ ਲਾਏ ਜਾਣਗੇ। ਉਨ੍ਹਾਂ ਅੱਗੇ ਦੱਸਿਆ ਕਿ ਇਸ ਯੋਜਨਾ ਲਈ ਚੰਡੀਗੜ੍ਹ ਸ਼ਹਿਰ ਨੂੰ 4 ਜ਼ੋਨਾਂ ਅਤੇ 26 ਵਾਰਡਾਂ ਵਿੱਚ ਵੰਡਿਆ ਗਿਆ ਹੈ। ਹਰੇਕ ਵਾਰਡ ਵਿੱਚ ਲਗਪਗ 9600 ਰਿਹਾਇਸ਼ੀ ਘਰਾਂ ਸਮੇਤ ਵਪਾਰਕ ਸੰਸਥਾਨ ਹਨ। ਨਗਰ ਨਿਗਮ ਵੱਲੋਂ ਕੁਲ 390 ਵਾਹਨਾਂ ਨੂੰ ਸਰੋਤ ਪੱਧਰ ਤੋਂ ਸੁੱਕਾ ਤੇ ਗਿੱਲਾ ਕੂੜਾ ਇਕੱਤਰ ਕਰਨ ਲਈ ਲਗਾਇਆ ਜਾਵੇਗਾ। ਅੱਜ ਇਸ ਯੋਜਨਾ ਦੇ ਦੂਜੇ ਪੜਾਅ ਅਧੀਨ ਸ਼ਹਿਰ ਦੇ ਦੱਖਣੀ ਸੈਕਟਰਾਂ ਵਿੱਚ ਸ਼ੁਰੂ ਕੀਤੀ ਗਈ ਯੋਜਨਾ ਦੀ ਸ਼ੁਰੂਆਤ ਦੇ ਮੌਕੇ ਇਲਾਕਾ ਕੌਂਸਲਰ ਅਰੁਣ ਸੂਦ ਸਮੇਤ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਸੌਰਭ ਅਰੋੜਾ, ਮੈਡੀਕਲ ਅਫਸਰ ਡਾ. ਅੰਮ੍ਰਿਤ ਵੜਿੰਗ ਤੇ ਨਗਰ ਨਿਗ ਦੇ ਹੋਰ ਸੀਨੀਅਰ ਅਧਿਕਾਰੀ ਅਤੇ ਇਲਾਕੇ ਦੇ ਪਤਵੰਤੇ ਹਾਜ਼ਰ ਸਨ।