ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 20 ਅਕਤੂਬਰ
ਚੰਡੀਗੜ੍ਹ ਦੇ ਮੇਅਰ ਰਵੀਕਾਂਤ ਸ਼ਰਮਾ ਨੇ ਸੈਕਟਰ 37 ਤੋਂ ਸੈਕਟਰ 22 ਚੰਡੀਗੜ੍ਹ ਤਕ ਲਗਪਗ 62 ਲੱਖ ਰੁਪਏ ਦੇ ਖਰਚੇ ਨਾਲ ਪਾਣੀ ਦੀ ਸਿੱਧੀ ਸਪਲਾਈ ਲਈ ਜਲ ਸਪਲਾਈ ਲਾਈਨ ਦਾ ਉਦਘਾਟਨ ਕੀਤਾ। ਇਸ ਮੌਕੇ ਮੇਅਰ ਰਵੀ ਕਾਂਤ ਸ਼ਰਮਾ ਨੇ ਕਿਹਾ ਕਿ ਸੈਕਟਰ ਦੇ ਮਰਲਾ ਘਰਾਂ ਵਿੱਚ ਪਿਛਲੇ ਕਈ ਸਾਲਾਂ ਤੋਂ ਦੂਜੀ ਮੰਜ਼ਿਲ ਤੱਕ ਵੀ ਪਾਣੀ ਦੀ ਸਪਲਾਈ ਨਹੀਂ ਪਹੁੰਚ ਰਹੀ ਸੀ। ਦੂਜੀ ਮੰਜ਼ਿਲ ਦੇ ਵਸਨੀਕਾਂ ਨੂੰ ਘਰਾਂ ਦੇ ਹੇਠਾਂ ਵਾਲੀ ਮੰਜ਼ਿਲ ਤੋਂ ਬਾਲਟੀਆਂ ਵਿੱਚ ਪਾਣੀ ਲਿਆਉਣਾ ਪੈਂਦਾ ਸੀ ਜਿਸ ਨਾਲ ਵਸਨੀਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਇਸ ਸਮੱਸਿਆ ਦੇ ਹੱਲ ਲਈ ਨਗਰ ਨਿਗਮ ਵੱਲੋਂ ਵਾਟਰ ਵਰਕਸ ਸੈਕਟਰ 37 ਤੋਂ ਪਾਣੀ ਦੀ ਸਪਲਾਈ ਲਾਈਨ ਵਿਛਾਈ ਗਈ ਹੈ ਤਾਂ ਜੋ ਲੋਕਾਂ ਨੂੰ ਲੋੜੀਂਦੇ ਪ੍ਰੈਸ਼ਰ ਨਾਲ ਪਾਣੀ ਦੀ ਸਪਲਾਈ ਕੀਤੀ ਜਾ ਸਕੇ। ਮੇਅਰ ਨੇ ਇੱਥੇ ਸੈਕਟਰ 22-ਡੀ ਵਿੱਚ ਮੁਰੰਮਤ ਕੀਤੇ ਟਾਇਲਟ ਬਲਾਕ ਦਾ ਵੀ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ ਇਸ ਟਾਇਲਟ ਬਲਾਕ ਦਾ ਨਵੀਨੀਕਰਨ ਵਾਰਡ ਵਿਕਾਸ ਤਹਿਤ ਚੰਡੀਗੜ੍ਹ ਸਮਾਰਟ ਸਿਟੀ ਲਿਮਟਿਡ ਨੇ ਕੀਤਾ ਹੈ। ਮੇਅਰ ਨੇ ਬੁੜੈਲ ਵਿੱਚ ਪੇਵਰ ਬਲਾਕ ਲਾਉਣ ਦੇ ਕਾਰਜਾਂ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਲੋਕਾਂ ਦੀ ਲੰਮੇ ਸਮੇਂ ਤੋਂ ਮੰਗ ਸੀ ਕਿ ਪੁਰਾਣੇ ਕਿਲ੍ਹੇ, ਦੇਵ ਸਮਾਜ ਕਾਲਜ ਅਤੇ ਭੋਪਾਲ ਸਿੰਘ ਸਟੇਡੀਅਮ ਨੇੜੇ ਸੜਕ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਇੱਥੇ 8207 ਵਰਗ ਮੀਟਰ ਖੇਤਰ ਵਿੱਚ ਪੇਵਰ ਬਲਾਕ ਵਿਛਾਉਣ ਦਾ ਕੰਮ 68 ਲੱਖ ਦੀ ਲਾਗਤ ਨਾਲ ਪੂਰਾ ਕੀਤਾ ਜਾਵੇਗਾ।