ਮੁਕੇਸ਼ ਕੁਮਾਰ
ਚੰਡੀਗੜ੍ਹ, 21 ਸਤੰਬਰ
ਚੰਡੀਗੜ੍ਹ ਹਾਊਸਿੰਗ ਬੋਰਡ ਵੱਲੋਂ ਅੱਜ ਇਥੇ ਸੈਕਟਰ-46 ਵਿੱਚ ਦੋ ਰਿਹਾਇਸ਼ੀ ਯੂਨਿਟਾਂ ਵਿੱਚ ਪੌੜੀਆਂ ਦੇ ਉੱਪਰ ਮਮਟੀ ਦੀ ਸ਼ਕਲ ਵਿੱਚ ਨਵੀਂ ਅਣਅਧਿਕਾਰਤ ਵਾਧੂ ਮੰਜ਼ਿਲ ਢਾਹ ਦਿੱਤੀ ਗਈ। ਬਰਸਾਤ ਕਾਰਨ ਇਥੇ 2 ਹੋਰ ਰਿਹਾਇਸ਼ੀ ਯੂਨਿਟਾਂ ਵਿੱਚ ਕੀਤੀਆਂ ਗਈਆਂ ਅਣਅਧਿਕਾਰਤ ਉਸਾਰੀਆਂ ਨੂੰ ਢਾਹੁਣ ਦੀ ਮੁਹਿੰਮ ਵਿੱਚ ਰੁਕਾਵਟ ਪਈ ਅਤੇ ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਰਿਹਾਇਸ਼ੀ ਯੂਨਿਟਾਂ ’ਤੇ ਕਾਰਵਾਈ ਕਰਕੇ ਇਹ ਅਣਅਧਿਕਾਰਤ ਉਸਾਰੀਆਂ ਨੂੰ ਹਟਾਇਆ ਜਾਵੇਗਾ।
ਬੋਰਡ ਵੱਲੋਂ ਅੱਜ ਉਸਾਰੀਆਂ ਨੂੰ ਢਾਹੁਣ ਦੀ ਲਾਗਤ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ, ਜੋ ਇਨ੍ਹਾਂ ਇਕਾਈਆਂ ਦੇ ਅਲਾਟੀਆਂ ਤੋਂ ਵਸੂਲ ਕੀਤਾ ਜਾਵੇਗਾ ਅਤੇ ਭੁਗਤਾਨ ਨਾ ਕਰਨ ਦੀ ਸੂਰਤ ਵਿੱਚ ਉਨ੍ਹਾਂ ਦੀਆਂ ਅਲਾਟਮੈਂਟਾਂ ਨੂੰ ਰੱਦ ਕੀਤਾ ਜਾ ਸਕਦਾ ਹੈ। ਹਾਊਸਿੰਗ ਬੋਰਡ ਦੇ ਸੀਈਓ ਯਸ਼ਪਾਲ ਗਰਗ ਨੇ ਦੱਸਿਆ ਕਿ ਬੋਰਡ ਵਲੋਂ ਬੋਰਡ ਦੇ ਫਲੈਟਾਂ ਵਿੱਚ ਤਾਜ਼ਾ ਗੈਰਕਾਨੂੰਨੀ ਜਾਂ ਅਣਅਧਿਕਾਰਤ ਉਸਾਰੀਆਂ ਅਤੇ ਸਰਕਾਰੀ ਜਾਂ ਜਨਤਕ ਜ਼ਮੀਨ ’ਤੇ ਕਬਜ਼ਿਆਂ ਵਿਰੁੱਧ ਪ੍ਰਭਾਵੀ ਕਾਰਵਾਈਆਂ ਨੂੰ ਯਕੀਨੀ ਬਣਾਉਣ ਲਈ ‘ਜ਼ੀਰੋ’ ਸਹਿਣਸ਼ੀਲਤਾ ਨੀਤੀ ਅਖਤਿਆਰ ਕੀਤੀ ਗਈ ਹੈ। ਉਨ੍ਹਾਂ ਬੋਰਡ ਦੇ ਅਲਾਟੀਆਂ ਨੂੰ ਅਪੀਲ ਕੀਤੀ ਹੈ ਕਿ ਬੋਰਡ ਦੇ ਫਲੈਟਾਂ ਵਿੱਚ ਨਿਯਮਾਂ ਦੇ ਖ਼ਿਲਾਫ਼ ਕਿਸੀ ਵੀ ਥਾਂ ਦੀ ਗੈਰਕਾਨੂੰਨੀ ਉਸਾਰੀ ਨਾ ਕਰਨ। ਉਨ੍ਹਾਂ ਕਿਹਾ ਕਿ ਬੋਰਡ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਅਲਾਟੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।