ਦਰਸ਼ਨ ਸਿੰਘ ਸੋਢੀ
ਐੱਸ.ਏ.ਐੱਸ. ਨਗਰ (ਮੁਹਾਲੀ), 13 ਜੁਲਾਈ
ਇੱਥੋਂ ਦੇ ਸੈਕਟਰ-117 ਸਥਿਤ ਟੀਡੀਆਈ ਸਮਾਰਟ ਸਿਟੀ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦੇ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਸੈਕਟਰ ਵਾਸੀ ਅਤੇ ਮਾਰਕੀਟ ਦੇ ਦੁਕਾਨਦਾਰ ਸੜਕਾਂ ’ਤੇ ਉਤਰ ਆਏ ਹਨ। ਬਰਸਾਤੀ ਪਾਣੀ ਖੜ੍ਹਾ ਹੋਣ ਕਾਰਨ ਲੋਕ ਕਾਫ਼ੀ ਔਖੇ ਹਨ। ਅੱਜ ਪੀੜਤ ਲੋਕਾਂ ਨੇ ਕਾਲੋਨਾਈਜ਼ਰ ਖ਼ਿਲਾਫ਼ ਰੋਸ ਮੁਜ਼ਾਹਰਾ ਕਰਦਿਆਂ ਟੀਡੀਆਈ ਦੇ ਸੇਲਜ਼ ਦਫ਼ਤਰ ਵਿੱਚ ਗੰਦਾ ਪਾਣੀ ਸੁੱਟ ਕੇ ਖੂਬ ਹੰਗਾਮਾ ਕੀਤਾ। ਇਸ ਦੌਰਾਨ ਅੱਜ ਰੋਹ ਵਿੱਚ ਆਏ ਲੋਕਾਂ ਨੇ ਪਾਣੀ ਦੇ ਟੈਂਕਰ ਨੂੰ ਪਾਈਪ ਲਗਾ ਕੇ ਦਫ਼ਤਰ ਦੀ ਬੇਸਮੈਂਟ ਵੱਲ ਜਾ ਰਹੀਆਂ ਪੌੜੀਆਂ ਵਿੱਚ ਪਾਣੀ ਛੱਡ ਦਿੱਤਾ। ਇਸ ਤੋਂ ਇਲਾਵਾ ਸੈਕਟਰ ਵਾਸੀਆਂ ਨੇ ਬਾਲਟੀਆਂ ਵਿੱਚ ਗੰਦਾ ਪਾਣੀ ਭਰ ਕੇ ਕੰਪਨੀ ਦਫ਼ਤਰ ਦੇ ਅੰਦਰ ਸੁੱਟਿਆ।
ਇਸ ਮੌਕੇ ਕੰਪਨੀ ਦੇ ਦਫ਼ਤਰ ਵਿੱਚ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪ੍ਰੰਤੂ ਪਾਣੀ ਸੁੱਟਣ ਵਾਲਿਆਂ ਵਿੱਚ ਔਰਤਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਉਨ੍ਹਾਂ ਦੀ ਕੋਈ ਵਾਹ ਨਹੀਂ ਚੱਲੀ। ਇਸ ਦੌਰਾਨ ਕੰਪਨੀ ਦੇ ਸੁਰੱਖਿਆ ਕਰਮਚਾਰੀਆਂ ਵੱਲੋਂ ਪੁਲੀਸ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਦੇ ਹੀ ਪੁਲੀਸ ਕਰਮਚਾਰੀ ਮੌਕੇ ’ਤੇ ਪਹੁੰਚ ਗਏ ਅਤੇ ਪ੍ਰਦਰਸ਼ਨਕਾਰੀ ਲੋਕਾਂ ਨੂੰ ਉੱਥੋਂ ਹਟਾਇਆ ਗਿਆ। ਉੱਥੇ ਹੰਗਾਮਾ ਕਰ ਰਹੇ ਕੁੱਝ ਵਿਅਕਤੀਆਂ ਨੂੰ ਪੁਲੀਸ ਆਪਣੇ ਨਾਲ ਥਾਣੇ ਲੈ ਗਏ।
ਇਸ ਸਬੰਧੀ ਥਾਣਾ ਬਲੌਂਗੀ ਦੇ ਐੱਸਐੱਚਓ ਪੀ.ਐੱਸ. ਗਰੇਵਾਲ ਨੇ ਕਿਹਾ ਕਿ ਟੀਡੀਆਈ ਵਿੱਚ ਝਗੜੇ ਵਾਲੀ ਕੋਈ ਗੱਲ ਨਹੀਂ ਹੈ ਅਤੇ ਹੁਣ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ। ਉਨ੍ਹਾਂ ਕਿਹਾ ਕਿ ਦੋਹਾਂ ਧਿਰਾਂ ਵੱਲੋਂ ਆਪਸੀ ਸਹਿਮਤੀ ਨਾਲ ਗੱਲਬਾਤ ਲਈ ਭਲਕੇ ਵੀਰਵਾਰ ਦਾ ਸਮਾਂ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੁੱਢਲੀ ਜਾਂਚ ਅਤੇ ਦੋਵਾਂ ਧਿਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।