ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 16 ਜੁਲਾਈ
ਮੁਹਾਲੀ ਨਗਰ ਨਿਗਮ ਨੇ ਪਹਿਲਕਦਮੀ ਕਰਦਿਆਂ ਕਰਿਆਨਾ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਮਿਲ ਕੇ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਥਾਂ ਵਾਤਾਵਰਨ ਦੀ ਸ਼ੁੱਧਤਾ ਲਈ ਅੱਜ ਸੈਕਟਰ-68 ਵਿੱਚ ਦੁਕਾਨਦਾਰਾਂ ਨੂੰ ਸਰਕਾਰ ਦੇ ਮਾਪਦੰਡਾਂ ਅਨੁਸਾਰ ਵਿਸ਼ੇਸ਼ ਥੈਲੇ ਵੰਡੇ ਗਏ। ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਸ਼ਹਿਰ ਦੇ ਹਰੇਕ ਕਰਿਆਨਾ ਦੁਕਾਨਦਾਰ ਨੂੰ ਅਜਿਹੇ 50-50 ਥੈਲੇ ਦਿੱਤੇ ਜਾਣਗੇ। ਉਨ੍ਹਾਂ ਮੁਹਾਲੀ ਨੂੰ ਪਲਾਸਟਿਕ ਮੁਕਤ ਬਣਾਉਣ ਲਈ ਸਮਾਜ ਸੇਵੀ ਸੰਸਥਾਵਾਂ ਨੂੰ ਅੱਗੇ ਆਉਣ ਦਾ ਸੱਦਾ ਵੀ ਦਿੱਤਾ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਸਮੇਤ ਕੌਂਸਲਰ ਵਿਨੀਤ ਮਲਿਕ ਅਤੇ ਸਮਾਜ ਸੇਵੀ ਕੁਲਵਿੰਦਰ ਸੰਜੂ ਵੀ ਮੌਜੂਦ ਸਨ।
ਇਸ ਮੌਕੇ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਪਲਾਸਟਿਕ ਦੇ ਥੈਲੇ ਨਾ ਸਿਰਫ਼ ਵਾਤਾਵਰਨ ਲਈ ਘਾਤਕ ਹਨ ਸਗੋਂ ਮਨੁੱਖੀ ਜ਼ਿੰਦਗੀ ਅਤੇ ਪਸ਼ੂਆਂ ਲਈ ਵੀ ਘਾਤਕ ਹਨ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਸੜਕਾਂ ਕਿਨਾਰੇ ਸੁੱਟੇ ਜਾਂਦੇ ਪਲਾਸਟਿਕ ਦੇ ਥੈਲਿਆਂ ਕਾਰਨ ਜਿੱਥੇ ਡਰੇਨੇਜ਼ ਸਿਸਟਮ ਜਾਮ ਹੋ ਜਾਂਦਾ ਹੈ, ਉੱਥੇ ਲਾਵਾਰਿਸ ਪਸ਼ੂ ਵੀ ਪਲਾਸਟਿਕ ਖਾ ਕੇ ਬੀਮਾਰ ਹੋ ਜਾਂਦੇ ਹਨ। ਪਿਛਲੇ ਸਮੇਂ ਦੌਰਾਨ ਵੱਡੀ ਗਿਣਤੀ ਵਿੱਚ ਪਲਾਸਟਿਕ ਖਾਣ ਨਾਲ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਮੇਅਰ ਨੇ ਕਿਹਾ ਕਿ ਹਾਲਾਂਕਿ ਸਿੰਗਲ ਯੂਜ਼ ਪੌਲੀਥੀਨ ਦੇ ਥੈਲਿਆਂ ਦੀ ਵਰਤੋਂ ਤੇ ਵਿਕਰੀ ’ਤੇ ਪਾਬੰਦੀ ਲਗਾਈ ਜਾ ਚੁੱਕੀ ਹੈ ਪ੍ਰੰਤੂ ਇਸ ਦੇ ਬਾਵਜੂਦ ਕਾਫ਼ੀ ਦੁਕਾਨਦਾਰ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਾਮਾਨ ਖਰੀਦਣ ਲਈ ਆਪਣੇ ਘਰੋਂ ਸਰਕਾਰ ਦੇ ਮਾਪਦੰਡਾਂ ਅਨੁਸਾਰ ਵਿਸ਼ੇਸ਼ ਥੈਲੇ ਲੈ ਕੇ ਜਾਣ ਤਾਂ ਜੋ ਮੁਹਾਲੀ ਨੂੰ ਪਲਾਸਟਿਕ ਮੁਕਤ ਬਣਾਇਆ ਜਾ ਸਕੇ।