ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 13 ਅਗਸਤ
ਇੱਥੋਂ ਦੇ ਸੈਕਟਰ 7 ਸਥਿਤ ਕਾਕੂਨਾ ਕਲੱਬ ਵਿੱਚ ਉੱਚੀ ਆਵਾਜ਼ ’ਚ ਗਾਣੇ ਵਜਾਉਣ ਖ਼ਿਲਾਫ਼ ਕਾਰਵਾਈ ਕਰਦੇ ਹੋਏ ਪ੍ਰਸ਼ਾਸਨ ਨੇ ਕਲੱਬ ਦਾ ਡੀਜੇ ਸਿਸਟਮ ਜ਼ਬਤ ਕਰ ਲਿਆ। ਧਾਰਾ 139 ਸੀਆਰਪੀਸੀ ਤਹਿਤ ਐੱਸਡੀਐੱਮ (ਪੂਰਬੀ) ਨਿਤੀਸ਼ ਸਿੰਗਲਾ ਵੱਲੋਂ ਗਠਿਤ ਕੀਤੀ ਕਮੇਟੀ ਨੇ ਇਹ ਕਾਰਵਾਈ ਕੀਤੀ। ਕਾਕੂਨਾ ਕਲੱਬ ਵਿੱਚ ਉੱਚੀ ਆਵਾਜ਼ ’ਚ ਚੱਲਦੇ ਗਾਣਿਆਂ ਕਰ ਕੇ ਆਲੇ-ਦੁਆਲੇ ਰਹਿੰਦੇ ਲੋਕਾਂ ਨੂੰ ਹੁੰਦੀ ਪ੍ਰੇਸ਼ਾਨੀ ਸਬੰਧੀ ਸ਼ਿਕਾਇਤਾਂ ਮਿਲੀਆਂ ਸਨ। ਐੱਸਡੀਐੱਮ (ਪੂਰਬੀ) ਨੇ ਤਿੰਨ ਨਾਈਟ ਕਲੱਬਾਂ ਵਾਲਟ, ਗ੍ਰਾਫੋ ਅਤੇ ਕਾਕੂਨਾ ਨੂੰ ਉੱਚੀ ਆਵਾਜ਼ ’ਚ ਮਿਊਜ਼ਿਕ ਚਲਾਉਣ ਤੋਂ ਗੁਰੇਜ਼ ਕਰਨ ਲਈ ਕਿਹਾ ਹੈ। ਐੱਸਡੀਐੱਮ ਨੇ ਦੱਸਿਆ ਕਿ ਆਵਾਜ਼ ਪ੍ਰਦੂਸ਼ਣ ਸਬੰਧੀ ਬਣਾਈ ਕਮੇਟੀ ਇਲਾਕਾ ਵਾਸੀਆਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਕਾਰਜਸ਼ੀਲ ਰਹੇਗੀ।