ਪੱਤਰ ਪ੍ਰੇਰਕ
ਚੰਡੀਗੜ੍ਹ, 18 ਨਵੰਬਰ
ਪੰਜਾਬ ਯੂਨੀਵਰਸਿਟੀ ਵਿੱਚ ਲੋਕਤੰਤਰਿਕ ਢਾਂਚੇ ਨੂੰ ਬਹਾਲ ਕਰਵਾਉਣ ਅਤੇ ਇਸ ਨੂੰ ਸੂਬੇ ਦੀ ਯੂਨੀਵਰਸਿਟੀ ਸਬੰਧੀ ਐਲਾਨ ਕਰਵਾਉਣ ਦੀ ਮੰਗ ਲਈ ਵਾਈਸ ਚਾਂਸਲਰ ਦਫ਼ਤਰ ਅੱਗੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਦਿੱਤੇ ਜਾ ਰਹੇ ਦਿਨ-ਰਾਤ ਦੇ ਧਰਨੇ ਵਿੱਚ ਅੱਜ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਸ਼ਮੂਲੀਅਤ ਕੀਤੀ।
‘ਸੱਥ’ ਤੋਂ ਵਿਦਿਆਰਥੀ ਆਗੂ ਰਿਮਲਜੋਤ ਸਿੰਘ ਨੇ ਦੱਸਿਆ ਕਿ ਡਾ. ਅਮਰ ਸਿੰਘ ਦੇ ਧਿਆਨ ਵਿੱਚ ਸੈਨੇਟ ਦਾ ਮਸਲਾ ਲਿਆਉਣ ਦੇ ਨਾਲ-ਨਾਲ਼ ਬੀਤੇ ਦਿਨੀਂ ਸੰਘਰਸ਼ ਦੌਰਾਨ ਚੰਡੀਗੜ੍ਹ ਪੁਲੀਸ ਵੱਲੋਂ ਕਈ ਵਿਦਿਆਰਥੀ ਆਗੂਆਂ ਖ਼ਿਲਾਫ਼ ਦਰਜ ਕੀਤੀ ਐੱਫਆਈਆਰ ਰੱਦ ਕਰਵਾਉਣ ਦੀ ਮੰਗ ਵੀ ਕੀਤੀ ਗਈ। ਉਨ੍ਹਾਂ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰ ਕੇ ਪੂਰਾ ਮਸਲਾ ਜਾਣਿਆ ਅਤੇ ਇਸ ਮੰਗ ਨੂੰ ਸੰਸਦ ਵਿੱਚ ਚੁੱਕਣ ਦਾ ਭਰੋਸਾ ਵੀ ਦਿੱਤਾ।
ਚੰਡੀਗੜ੍ਹ ਦੇ ਮੇਅਰ ਨੂੰ ਮਿਲੇ ਵਿਦਿਆਰਥੀ ਆਗੂ
ਸੈਨੇਟ ਚੋਣਾਂ ਕਰਵਾਉਣ ਲਈ ਬੀਤੇ ਦਿਨੀਂ ਪੈਦਲ ਰੋਸ ਮਾਰਚ ਕਰ ਰਹੇ ਵਿਦਿਆਰਥੀ ਆਗੂਆਂ ਉੱਤੇ ਚੰਡੀਗੜ੍ਹ ਪੁਲੀਸ ਵੱਲੋਂ ਦਰਜ ਕੀਤੇ ਕੇਸ ਨੂੰ ਰੱਦ ਕਰਵਾਉਣ ਸਬੰਧੀ ਅੱਜ ਵਿਦਿਆਰਥੀਆਂ ਵੱਲੋਂ ਨਿਗਮ ਦੇ ਮੇਅਰ ਕੁਲਦੀਪ ਕੁਮਾਰ ਨਾਲ ਵੀ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆ ਗਿਆ। ‘ਸੱਥ’ ਤੋਂ ਵਿਦਿਆਰਥੀ ਆਗੂ ਤਰਨਜੋਤ ਕੌਰ ਅਤੇ ਐੱਸਓਆਈ ਤੋਂ ਗੁਰਸਿਮਰਨ ਸਿੰਘ ਨੇ ਦੱਸਿਆ ਕਿ ਮੇਅਰ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਉਹ ਇਸ ਮਸਲੇ ਉੱਤੇ ਜ਼ਰੂਰ ਗ਼ੌਰ ਕਰਨਗੇ।