ਕੁਲਦੀਪ ਸਿੰਘ
ਚੰਡੀਗੜ੍ਹ, 15 ਨਵੰਬਰ
‘ਸੈਨੇਟ’ ਚੋਣਾਂ ਕਰਵਾਉਣ ਦੇ ਮੁੱਦੇ ’ਤੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਵਾਈਸ ਚਾਂਸਲਰ ਦਫ਼ਤਰ ਅੱਗੇ ਸ਼ੁਰੂ ਕੀਤਾ ਅਣਮਿਥੇ ਸਮੇਂ ਦਾ ਧਰਨਾ ਅੱਜ 27ਵੇਂ ਦਿਨ ਵੀ ਜਾਰੀ ਰਿਹਾ। ਅੱਜ ਧਰਨੇ ’ਤੇ ਬੈਠੇ ਵਿਦਿਆਰਥੀ ਆਗੂਆਂ ਨੇ ਦੋ ਦਿਨ ਪਹਿਲਾਂ ਪੁਲੀਸ ਵੱਲੋਂ ਕੀਤੇ ਲਾਠੀਚਾਰਜ ਸਣੇ ਪੁਲੀਸ ਤੇ ਹੋਰ ਸੁਰੱਖਿਆ ਬਲਾਂ ਵੱਲੋਂ ਵਿਦਿਆਰਥਣਾਂ ਨਾਲ ਕੀਤੀ ਖਿੱਚ-ਧੂਹ ਦੀ ਨਿਖੇਧੀ ਕੀਤੀ। ਉਨ੍ਹਾਂ ਨੇ ਚੰਡੀਗੜ੍ਹ ਪੁਲੀਸ ਵੱਲੋਂ ਦਰਜ ਕੀਤੀ ਐੱਫਆਈਆਰ ਵਿੱਚ ਬਣਾਈ ਕਹਾਣੀ ਨੂੰ ਝੂਠ ਦੱਸਿਆ ਅਤੇ ਕਿਹਾ ਕਿ ਪੁਲੀਸ ਅਧਿਕਾਰੀ ਖਿਲਾਫ਼ ਵਿਦਿਆਰਥਣਾਂ ਵੱਲੋਂ ਚੰਡੀਗੜ੍ਹ ਪੁਲੀਸ ਦੇ ਉੱਚ ਅਧਿਕਾਰੀਆਂ ਸਣੇ ਨੈਸ਼ਨਲ ਵਿਮੈਨ ਕਮਿਸ਼ਨ ਨੂੰ ਵੀ ਲਿਖਤੀ ਸ਼ਿਕਾਇਤਾਂ ਭੇਜ ਕੇ ਕੇਸ ਦਰਜ ਕਰਵਾਉਣ ਦੀ ਮੰਗ ਕੀਤੀ ਜਾਵੇਗੀ।
ਧਰਨੇ ਵਾਲ਼ੀ ਥਾਂ ’ਤੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਵਿਦਿਆਰਥੀ ਆਗੂ ਰਿਮਲਜੋਤ ਸਿੰਘ, ਅਵਤਾਰ ਸਿੰਘ ਆਦਿ ਨੇ ਕਿਹਾ ਕਿ 13 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਵਾਈਸ ਚਾਂਸਲਰ ਪ੍ਰੋ. ਰੇਣੂ ਵਿੱਗ ਦੀ ਰਿਹਾਇਸ਼ ਦੇ ਘਿਰਾਓ ਦਾ ਪ੍ਰੋਗਰਾਮ ਦਿੱਤਾ ਗਿਆ ਸੀ ਪਰ ਪੁਲੀਸ ਵੱਲੋਂ ਬੈਰੀਕੇਡਿੰਗ ਕਰ ਕੇ ਰਸਤੇ ਬੰਦ ਕਰ ਦਿੱਤੇ ਗਏ ਸਨ ਤੇ ਪ੍ਰੋ. ਵਿੱਗ ਲਾਅ ਆਡੀਟੋਰੀਅਮ ਵਿੱਚ ਚੱਲ ਰਹੇ ‘ਪੰਜਾਬ ਵਿਜ਼ਨ-2047’ ਪ੍ਰੋਗਰਾਮ ਵਿੱਚ ਸ਼ਿਰਕਤ ਕਰ ਰਹੇ ਸਨ। ਮੋਰਚੇ ਵੱਲੋਂ ਆਪਣਾ ਰਸਤਾ ਬਦਲ ਕੇ ਆਡੀਟੋਰੀਅਮ ਵੱਲ ਕਰ ਲਿਆ ਗਿਆ ਜਦਕਿ ਉਸ ਪ੍ਰੋਗਰਾਮ ਵਿੱਚ ਸ਼ਿਰਕਤ ਕਰ ਰਹੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਘਿਰਾਓ ਦਾ ਕੋਈ ਵੀ ਪ੍ਰੋਗਰਾਮ ਨਹੀਂ ਸੀ।
ਵਿਦਿਆਰਥੀ ਆਗੂਆਂ ਨੇ ਕਿਹਾ ਕਿ ਪੁਲੀਸ ਨੇ ਐੱਫਆਈਆਰ ਵਿੱਚ ਮੁੱਖ ਮੰਤਰੀ ਦੀ ਸੁਰੱਖਿਆ ਵਿੱਚ ਸੰਨ੍ਹ ਲਗਾਉਣ ਦੀ ਝੂਠੀ ਕਹਾਣੀ ਬਣਾ ਕੇ ਕੇਂਦਰ ਸਰਕਾਰ ਦੇ ਹੱਕ ਵਿੱਚ ਰਾਜਨੀਤਕ ਪੈਂਤੜਾ ਬਦਲਣ ਵਿੱਚ ਅਥਾਰਿਟੀ ਦਾ ਸਾਥ ਦਿੱਤਾ।
ਵਿਦਿਆਰਥੀਆਂ ਖਿਲਾਫ਼ ਦਰਜ ਕੇਸ ਰੱਦ ਕਰਵਾਉਣ ਦੀ ਮੰਗ
ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਕਾਊਂਸਲ ਦੇ ਮੀਤ ਪ੍ਰਧਾਨ ਅਰਚਿਤ ਸਣੇ ਹੋਰਨਾਂ ਵਿਦਿਆਰਥੀ ਆਗੂਆਂ ਨੇ ਪੀਯੂ ਅਥਾਰਿਟੀ ਤੇ ਚੰਡੀਗੜ੍ਹ ਪੁਲੀਸ ਤੋਂ ਮੰਗ ਕੀਤੀ ਕਿ ਵਿਦਿਆਰਥੀਆਂ ਖ਼ਿਲਾਫ਼ ਦਰਜ ਕੀਤਾ ਕੇਸ ਤੁਰੰਤ ਰੱਦ ਕੀਤਾ ਜਾਵੇ। ਜੇ ਕੇਸ ਰੱਦ ਨਾ ਕੀਤਾ ਤੇ ਵਿਦਿਆਰਥੀਆਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਤਾਂ ਆਉਂਦੇ ਦਿਨਾਂ ’ਚ ਵਾਈਸ ਚਾਂਸਲਰ ਅਤੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਜਾਣਗੇ। ਵਿਦਿਆਰਥੀਆਂ ਵੱਲੋਂ ਭੁੱਖ ਹੜਤਾਲ ਕੀਤੀ ਜਾਵੇਗੀ।