ਚੰਡੀਗੜ੍ਹ (ਆਤਿਸ਼ ਗੁਪਤਾ): ਸ਼ਹਿਰ ਵਿੱਚ ਵੱਧ ਰਹੇ ਸਾਈਬਰ ਕ੍ਰਾਈਮ ਨੂੰ ਵੇਖਦਿਆਂ ਚੰਡੀਗੜ੍ਹ ਵਿੱਚ ਵੱਖਰੇ ਥਾਣੇ ਬਣਾਉਣ ਦੀ ਲੋੜ ਹੈ। ਇਸ ਗੱਲ ਦਾ ਪ੍ਰਗਟਾਵਾ ਯੂਟੀ ਦੇ ਪੁਲੀਸ ਰਿਫੋਰਮ ਕਮਿਸ਼ਨ ਦੇ ਚੇਅਰਮੈਨ ਕੇਬੀ ਸਿੰਘ ਨੇ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ। ਜ਼ਿਕਰਯੋਗ ਹੈ ਕਿ ਸਾਈਬਰ ਕ੍ਰਾਈਮ ਸਬੰਧੀ ਸ਼ਿਕਾਇਤਾਂ ਦੇ ਨਿਪਟਾਂਰੇ ਲਈ ਲੋਕਾਂ ਨੂੰ ਥਾਣਿਆਂ ਵਿੱਚ ਧੱਕੇ ਖਾਣੇ ਪੈਂਦੇ ਹਨ ਤੇ ਇਸੇ ਦੌਰਾਨ ਮੁਲਜ਼ਮ ਫ਼ਰਾਰ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਈਬਰ ਸੈੱਲ ਨੂੰ ਮਜ਼ਬੂਤ ਕਰਨ ਲਈ ਕਾਰਜ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਵਿਮੈਨ ਥਾਣੇ ਵਿੱਚ ਮਹਿਲਾ ਸ਼ਿਕਾਇਤਕਰਤਾਵਾਂ ਨਾਲ ਮਹਿਲਾ ਪੁਲੀਸ ਮੁਲਾਜ਼ਮਾਂ ਵੱਲੋਂ ਹੀ ਸੰਪਰਕ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਟਰੈਫ਼ਿਕ ਪੁਲੀਸ ਵੱਲੋਂ ਬਾਹਰਲੇ ਸੂਬਿਆਂ ਦੇ ਵਾਹਨਾਂ ਦੀ ਖਾਸ ਚੈਕਿੰਗ ਕਰਨਾ ਜਾਂ ਦਰੱਖ਼ਤਾਂ ਪਿੱਛੇ ਲੁੱਕ ਕੇ ਚਲਾਨ ਕੱਟਣ ਦੇ ਮੁੱਦੇ ’ਤੇ ਵੀ ਚਰਚਾ ਕੀਤੀ ਗਈ।