ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 25 ਜੁਲਾਈ
ਸੰਯੁਕਤ ਕਿਸਾਨ ਮੋਰਚੇ ਦੇ ਸਮਰਥਨ ਵਿੱਚ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਬਾਹਰ ਪੁਆਧ ਇਲਾਕਾ (ਮੁਹਾਲੀ) ਦੇ ਸਹਿਯੋਗ ਨਾਲ ਸ਼ੁਰੂ ਕੀਤੀ ਲੜੀਵਾਰ ਭੁੱਖ-ਹੜਤਾਲ ਐਤਵਾਰ ਨੂੰ 49ਵੇਂ ਦਿਨ ਵੀ ਜਾਰੀ ਰਹੀ। ਅੱਜ ਪੱਤਰਕਾਰ ਕਰਮਜੀਤ ਸਿੰਘ ਚਿੱਲਾ ਦੀ ਅਗਵਾਈ ਹੇਠ ਪ੍ਰੈੱਸ ਕਲੱਬ ਬਨੂੜ ਅਤੇ ਵਿੱਦਿਆ ਫਾਊਂਡੇਸ਼ਨ ਬਨੂੜ ਦੇ ਕਾਰਕੁਨ ਭੁਪਿੰਦਰ ਸਿੰਘ, ਗੁਰਪਾਲ ਸਿੰਘ, ਅਸ਼ਿਵੰਦਰ ਸਿੰਘ, ਅਵਤਾਰ ਸਿੰਘ, ਨਰਿੰਦਰ ਮਨੌਲੀ, ਗੁਰਮੀਤ ਸਿੰਘ, ਮਿਸ਼ਨ ਵਿੱਦਿਆ ਫਾਊਂਡੇਸ਼ਨ ਬਨੂੜ ਦੇ ਕਾਰਕੁਨ ਪ੍ਰੀਤਇੰਦਰ ਸਿੰਘ ਢੀਂਡਸਾ, ਵਰਿੰਦਰ ਸਿੰਘ ਨੀਲਾ ਕਰਾਲਾ, ਰਛਪਾਲ ਸਿੰਘ ਬੂਟਾ ਸਿੰਘ ਵਾਲਾ, ਚੰਦਨ ਸ਼ਰਮਾ ਬਨੂੜ, ਤੇਜਿੰਦਰ ਸਿੰਘ ਫਤਿਹ ਹੁਲਕਾ, ਕਾਰ ਸੇਵਾ ਵਾਲੇ ਮਹਾਂਪੁਰਸ਼ ਬਾਬਾ ਦਿਲਬਾਗ ਸਿੰਘ ਬਨੂੜ ਭੁੱਖ-ਹੜਤਾਲ ’ਤੇ ਬੈਠੇ। ਕਿਸਾਨ ਆਗੂ ਕਿਰਪਾਲ ਸਿੰਘ ਸਿਆਊ ਅਤੇ ਸਾਬਕਾ ਸਰਪੰਚ ਗੁਰਮੀਤ ਸਿੰਘ ਸਿਆਊ, ਪੈਰੀਫੇਰੀ ਮਿਲਕਮੈਨ ਯੂਨੀਅਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ, ਪੁਆਧੀ ਮੰਚ ਦੇ ਨੁਮਾਇੰਦੇ ਹਰਦੀਪ ਸਿੰਘ ਬਠਲਾਣਾ, ਪਰਵਿੰਦਰ ਸਿੰਘ ਬੈਦਵਾਨ ਵੀ ਉਚੇਚੇ ਤੌਰ ’ਤੇ ਧਰਨੇ ਵਿੱਚ ਪਹੁੰਚੇ।
ਇਸ ਮੌਕੇ ਲੋਕ ਸੰਪਰਕ ਵਿਭਾਗ ਦੇ ਸਾਬਕਾ ਸੰਯੁਕਤ ਡਾਇਰੈਕਟਰ ਡਾ. ਮੇਘਾ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਇਹ ਸਿਰਫ਼ ਕਿਸਾਨਾਂ ਦੀ ਲੜਾਈ ਨਹੀਂ ਹੈ ਬਲਕਿ ਦੇਸ਼ ਦੇ ਹਰ ਨਾਗਰਿਕ ਨੂੰ ਕਿਸਾਨ ਅੰਦੋਲਨ ਦਾ ਹਿੱਸਾ ਬਣਨ ਦੀ ਲੋੜ ਹੈ। ਮਹਿਲਾ ਕਮਿਸ਼ਨ ਦੀ ਸਾਬਕਾ ਮੁਖੀ ਤੇ ਐਸਜੀਪੀਸੀ ਮੈਂਬਰ ਪਰਮਜੀਤ ਕੌਰ ਲਾਂਡਰਾਂ ਨੇ ਕਿਹਾ ਕਿ ਕਿਸਾਨ ਅੰਦੋਲਨ ਦੀ ਸਫਲਤਾ ਲਈ ਬੀਬੀਆਂ ਦਾ ਅਹਿਮ ਰੋਲ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਬੀਬੀਆਂ ਆਪਣੀ ਨੈਤਿਕ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟਣਗੀਆਂ। ਸੀਨੀਅਰ ਪੱਤਰਕਾਰ ਹਮੀਰ ਸਿੰਘ ਨੇ ਕਿਹਾ ਕਿ ਕਿਸਾਨ ਅੰਦੋਲਨ ਨੇ ਪੂਰੇ ਸੰਸਕਾਰ ਨੂੰ ਨਵੀਂ ਸੇਧ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇ ਜਿਹੀ ਹਾਲਾਤ ਰਹੇ ਤਾਂ ਕਰੋਨਾ ਤਾਂ ਇਕ ਪਾਸੇ ਰਿਹਾ ਆਉਣ ਵਾਲੇ ਸਮੇਂ ਵਿੱਚ ਲੋਕ ਭੁੱਖਮਰੀ ਨਾਲ ਜ਼ਿਆਦਾ ਮਰਨਗੇ। ਅਜੋਕੇ ਸਮੇਂ ਵਿੱਚ ਇਕ ਮਿੰਟ ’ਚ 11 ਬੰਦੇ ਮਰ ਰਹੇ ਹਨ, ਜੋ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਸਾਨ ਜਥੇਬੰਦੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਸਰਕਾਰ ਨਾਲ ਮੀਟਿੰਗ ਲਈ ਜਾਣ ਮੌਕੇ ਵਫ਼ਦ ਵਿੱਚ ਬੀਬੀਆਂ ਨੂੰ ਵੀ ਸ਼ਾਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬੰਦੇ ਕਿਸੇ ਸਿਆਸੀ ਪਾਰਟੀ ਨਾਲ ਜੁੜੇ ਹੁੰਦੇ ਹਨ, ਪਰ ਬੀਬੀਆਂ ਨਿਰੋਲ ਆਮ ਜੀਵਨ ਦੀਆਂ ਸਮੱਸਿਆਵਾਂ ਨੂੰ ਸੰਬੋਧਿਤ ਹੋ ਕੇ ਸਵਾਲ ਪੁੱਛਦੀਆਂ ਹਨ।