ਹਰਜੀਤ ਸਿੰਘ
ਜ਼ੀਰਕਪੁਰ, 25 ਜਨਵਰੀ
ਇਥੋਂ ਦੇ ਐਰੋ ਸਿਟੀ ਵਸਨੀਕ ਇਕ ਵਿਅਕਤੀ ਦੇ ਘਰੋਂ ਉਸ ਦਾ ਨੌਕਰ 40 ਲੱਖ ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋ ਗਿਆ। ਪੁਲੀਸ ਨੇ ਮਕਾਨ ਮਾਲਕ ਦੀ ਸ਼ਿਕਾਇਤ ’ਤੇ ਨੌਕਰ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਮਕਾਨ ਮਾਲਕ ਰੋਮੀਓ ਚੁੱਗ ਵਾਸੀ ਐਰੋ ਸਿਟੀ ਨੇ ਦੱਸਿਆ ਕਿ ਉਸ ਕੋਲ ਕਾਫੀ ਸਮੇ ਤੋਂ ਲਛਮਣਪੁਰੀ ਉਰਫ਼ ਬਹਾਦੁਰ ਬਤੌਰ ਨੌਕਰ ਕੰਮ ਕਰਦਾ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦਾ ਨੌਕਰ ਘਰ ਦੀ ਪਹਿਲੀ ਮੰਜ਼ਿਲ ’ਤੇ ਸਰਵੈਂਟ ਰੂਮ ਵਿੱਚ ਰਹਿੰਦਾ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਲੰਘੇ ਦਿਨੀਂ ਆਪਣੀ ਪਤਨੀ ਨਾਲ ਘਰੋਂ ਬਾਹਰ ਕੋਈ ਕੰਮ ਗਏ ਸੀ ਜਿਸ ਦੌਰਾਨ ਨੌਕਰ ਅਤੇ ਬੱਚੇ ਘਰ ਵਿੱਚ ਇਕੱਲੇ ਸੀ। ਜਦ ਉਹ ਵਾਪਸ ਆਏ ਤਾਂ ਨੌਕਰ ਗਾਇਬ ਸੀ ਅਤੇ ਘਰ ਦੀ ਅਲਮਾਰੀ ਖੁੱਲ੍ਹੀ ਪਈ ਸੀ। ਮਕਾਨ ਮਾਲਕ ਨੇ ਦੋਸ਼ ਲਾਇਆ ਕਿ ਉਸ ਦੀ ਅਲਮਾਰੀ ਵਿੱਚ ਪਈ ਤਕਰੀਬਨ 40 ਲੱਖ ਰੁਪਏ ਦੀ ਨਕਦੀ ਗਾਇਬ ਸੀ। ਉਨ੍ਹਾਂ ਨੇ ਸ਼ੱਕ ਪ੍ਰਗਟਾਇਆ ਕਿ ਅਲਮਾਰੀ ਵਿੱਚ ਨਕਦੀ ਬਾਰੇ ਨੌਕਰ ਨੂੰ ਪੂਰੀ ਜਾਣਕਾਰੀ ਸੀ, ਜੋ ਲੈ ਕੇ ਫ਼ਰਾਰ ਹੋ ਗਿਆ। ਪੁਲੀਸ ਨੇ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਨੌਕਰ ਲਛਮਣਪੁਰੀ ਉਰਫ਼ ਬਹਾਦੁਰ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲੀਸ ਵੱਲੋਂ ਨੇੜਲੇ ਸੀਸੀਟੀਵੀ ਕੈਮਰੇ ਵੀ ਫਰੋਲੇ ਜਾ ਰਹੇ ਹਨ।