ਪੱਤਰ ਪ੍ਰੇਰਕ
ਮੋਰਿੰਡਾ, 27 ਅਗਸਤ
ਸ਼ਹਿਰ ਵਿੱਚੋਂ ਪੇਚਸ਼ ਦਾ ਕਹਿਰ ਖ਼ਤਮ ਨਹੀਂ ਹੋ ਰਿਹਾ। ਅੱਜ ਫਿਰ ਜੋਗੀਆਂ ਵਾਲੇ ਮੁਹੱਲੇ ਸਣੇ ਸ਼ਹਿਰ ਦੇ ਹੋਰ ਵਾਰਡਾਂ ਵਿੱਚੋਂ ਵੀ ਉਲਟੀਆਂ ਅਤੇ ਦਸਤਾਂ ਤੋਂ ਪੀੜਤ ਮਰੀਜ਼ ਸਰਕਾਰੀ ਸਿਵਲ ਹਸਪਤਾਲ ਮੋਰਿੰਡਾ ਵਿੱਚ ਦਾਖ਼ਲ ਹੋਏ ਹਨ। ਜੋਗੀਆਂ ਵਾਲੇ ਮੁਹੱਲੇ ਦੇ ਮੁੰਨੇ ਸ਼ਾਹ ਦੇ ਪਰਿਵਾਰ ਦੇ ਜੌੜੇ ਬੱਚਿਆਂ ਵਿੱਚੋਂ ਲੜਕੀ ਨੂੰ ਮੋਰਿੰਡਾ ਵਿੱਚ ਤੇ ਲੜਕੇ ਨੂੰ ਪੀਜੀਆਈ ਚੰਡੀਗੜ੍ਹ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਧਰ, ਕਾਰਜਕਾਰੀ ਐੱਸਐੱਮਓ ਅਮਨ ਸੈਣੀ ਦੀ ਅਗਵਾਈ ਹੇਠ ਆਸ਼ਾ ਵਰਕਰਾਂ ਅਤੇ ਸਿਹਤ ਕਰਮਚਾਰੀਆਂ ਵੱਲੋਂ ਜੋਗੀਆਂ ਵਾਲੇ ਮੁਹੱਲੇ ਵਿੱਚ ਲਾਏ ਮੈਡੀਕਲ ਕੈਂਪ ਦੌਰਾਨ 150 ਦੇ ਕਰੀਬ ਘਰਾਂ ਵਿੱਚ ਓਆਰਐਸ ਘੋਲ, ਜਿੰਕਸਲਫੇਟ ਦੀਆਂ ਗੋਲੀਆਂ ਅਤੇ ਹੋਰ ਲੋੜੀਂਦੀਆਂ ਦਵਾਈਆਂ ਵੰਡੀਆਂ ਗਈਆਂ।
ਹਸਪਤਾਲ ਵਿੱਚ ਤਾਇਨਾਤ ਡਾ. ਸਾਰਿਕਾ ਨੇ ਦੱਸਿਆ ਕਿ ਹਸਪਤਾਲ ਵਿੱਚ ਡਾਇਰੀਆ ਦੀ ਬਿਮਾਰੀ ਤੋਂ ਪੀੜਤ ਅੱਜ ਦਾਖ਼ਲ ਸੱਤ ਮਰੀਜ਼ ਦਾਖ਼ਲ ਹੋਏ ਹਨ। ਉਨ੍ਹਾਂ ਦੱਸਿਆ ਕਿ ਦਰਜਨ ਤੋਂ ਵੱਧ ਅਜਿਹੇ ਮਰੀਜ਼ ਓਪੀਡੀ ਵਿੱਚ ਆਏ ਜਿਨ੍ਹਾਂ ਨੂੰ ਦਵਾਈਆਂ ਦੇ ਕੇ ਘਰ ਭੇਜ ਦਿੱਤਾ ਗਿਆ ਹੈ।
ਇਸੇ ਦੌਰਾਨ ਕਈ ਮੁਹੱਲਾ ਵਾਸੀਆਂ ਨੇ ਦੋਸ਼ ਲਗਾਇਆ ਕਿ ਨਗਰ ਕੌਂਸਲ ਵੱਲੋਂ ਵਾਟਰ ਟੈਂਕਰਾਂ ਰਾਹੀਂ ਸਪਲਾਈ ਕੀਤਾ ਜਾਂਦਾ ਪੀਣ ਵਾਲਾ ਪਾਣੀ ਵੀ ਪੀਣ ਯੋਗ ਨਹੀਂ ਹੈ। ਮੁਹੱਲਾ ਵਾਸੀਆਂ ਨੇ ਟੈਂਕਰਾਂ ਦੇ ਪਾਣੀ ਦੀ ਵੀ ਚੈਕਿੰਗ ਕਰਨ ਦੀ ਮੰਗ ਕੀਤੀ ਹੈ।
ਇਸੇ ਦੌਰਾਨ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਵਿਜੇ ਕੁਮਾਰ ਟਿੰਕੂ ਅਤੇ ਕੌਂਸਲ ਦੇ ਮੀਤ ਪ੍ਰਧਾਨ ਅੰਮ੍ਰਿਤਪਾਲ ਸਿੰਘ ਖੱਟੜਾ ਨੇ ਦੱਸਿਆ ਕਿ ਸਿਵਲ ਹਸਪਤਾਲ ਮੋਰਿੰਡਾ ਵਿੱਚ ਡਾਕਟਰਾਂ ਦੀ ਕਮੀ ਕਾਰਨ ਮਰੀਜ਼ਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।