ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 13 ਜੂਨ
ਇਥੋਂ ਦੇ ਨੇੜਲੇ ਪਿੰਡ ਪੰਡਵਾਲਾ ਵਿਖੇ ਘਰ ਵਿੱਚ ਕੂਲਰ ਤੋਂ ਕਰੰਟ ਲੱਗਣ ਨਾਲ 7 ਸਾਲਾ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪ੍ਰਿੰਸ ਪੁੱਤਰ ਗੁਰਬਚਨ ਸਿੰਘ ਵਜੋਂ ਹੋਈ ਹੈ। ਮ੍ਰਿਤਕ ਮਾਪਿਆਂ ਦਾ ਇਕਲੌਤਾ ਲੜਕਾ ਸੀ ਤੇ ਪਹਿਲੀ ਜਮਾਤ ’ਚ ਪੜ੍ਹਦਾ ਸੀ। ਬੱਚੇ ਦੇ ਮਾਤਾ ਪਿਤਾ ਕਿਸੇ ਕੰਮ ਤੋਂ ਬਾਹਰ ਗਏ ਹੋਏ ਸੀ। ਬੱਚਾ ਪ੍ਰਿੰਸ ਘਰ ਵਿੱਚ ਇਕੱਲਾ ਖੇਡ ਰਿਹਾ ਸੀ। ਇਸ ਦੌਰਾਨ ਉਸ ਨੇ ਖੇਡਦੇ ਹੋਏ ਬੈੱਡ ਤੋਂ ਹੇਠਾਂ ਉੱਤਰਨ ਲਈ ਨੇੜੇ ਪਏ ਕੂਲਰ ਦਾ ਸਹਾਰਾ ਲਿਆ ਤਾਂ ਅਚਾਨਕ ਉਸ ਵਿੱਚ ਕਰੰਟ ਆ ਗਿਆ। ਉਸ ਦੀ ਮਾਂ ਘਰ ਆਈ ਤਾਂ ਉਸ ਨੇ ਕੂਲਰ ਦੇ ਨੇੜੇ ਬੱਚੇ ਨੂੰ ਬੇਸੁੱਧ ਡਿੱਗਿਆ ਦੇਖਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।