ਕੁਲਦੀਪ ਸਿੰਘ
ਚੰਡੀਗੜ੍ਹ, 5 ਫ਼ਰਵਰੀ
ਐੱਮਬੀਆਰ ਤਕਨੀਕ ਵਾਲੇ 2 ਐੱਮਐੱਲਡੀ ਸਮਰੱਥਾ ਵਾਲੇ ਸੀਵਰੇਜ ਟਰੀਟਮੈਂਟ ਪਲਾਂਟ (ਐੱਸਟੀਪੀ) ਦੀ ਉਸਾਰੀ ਦਾ ਨੀਂਹ ਪੱਥਰ ਯੂਟੀ ਦੇ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਆਈਏਐੱਸ ਵੱਲੋਂ ਅੱਜ ਗ੍ਰਹਿ ਵਿਭਾਗ ਦੇ ਪ੍ਰਿੰਸੀਪਲ ਸਕੱਤਰ, ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ, ਚੀਫ਼ ਆਰਕੀਟੈਕਟ ਅਤੇ ਚੀਫ਼ ਇੰਜੀਨੀਅਰ,-ਕਮ-ਸਕੱਤਰ (ਇੰਜੀਨੀਅਰਿੰਗ) ਦੀ ਹਾਜ਼ਰੀ ਵਿੱਚ ਰੱਖਿਆ ਗਿਆ। ਸ੍ਰੀ ਪਰੀਦਾ ਨੇ ਦੱਸਿਆ ਕਿ ਪਿੰਡ ਕਿਸ਼ਨਗੜ੍ਹ ਦੇ ਸੀਵਰੇਜ ਵਾਲੇ ਪਾਣੀ ਨੂੰ ਸਾਫ਼ ਕਰਨ ਲਈ 19.9 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰਾਜੈਕਟ ਰਾਹੀਂ ਪਾਣੀ ਨੂੰ ਸਾਫ਼ ਕਰਕੇ ਸੁਖਨਾ ਝੀਲ ਦੇ ਖੇਤਰ, ਗੌਲਫ਼ ਕੋਰਸ, ਆਈ.ਟੀ. ਪਾਰਕ ਦੇ ਇਲਾਕੇ ਨੇੜਲੇ ਖੇਤਰਾਂ ਵਿੱਚ ਸਿੰਚਹਈ ਲਈ ਵਰਤਿਆ ਜਾਵੇਗਾ। ਇਸ ਦੇ ਨਾਲ ਹੀ ਝੀਲ ਵਿੱਚ ਪਾਣੀ ਦਾ ਪੱਧਰ ਉੱਚਾ ਚੁੱਕਣ ਲਈ ਵੀ ਇਸ ਪਾਣੀ ਨਾਲ ਹੀ ਪੂਰਤੀ ਕੀਤੀ ਜਾ ਸਕੇਗੀ। ਨੀਂਹ ਪੱਥਰ ਰੱਖਣ ਮੌਕੇ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਇਸ ਐੱਸਟੀਪੀ ਨੂੰ ਸਥਾਪਿਤ ਕਰਨ ਲਈ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਨਿਰਦੇਸ਼ਾਂ ਦੀ ਪਾਲਣਾ ਵੀ ਕੀਤੀ ਜਾਵੇਗੀ। ਜ਼ਰੂਰਤ ਪੈਣ ’ਤੇ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਵੱਲੋਂ ਵੀ ਨਿਯਮਿਤ ਤੌਰ ’ਤੇ ਜਾਂਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਿਸਟਮ ਨੂੰ ਪੂਰੀ ਤਰ੍ਹਾਂ ਸਵੈ-ਚਾਲਤ ਐੱਸਸੀਏਡੀਏ ਪ੍ਰਣਾਲੀ ਰਾਹੀਂ ਚਲਾਉਣ ਦੀ ਤਜਵੀਜ਼ ਹੈ ਜਿਸ ਰਾਹੀਂ ਪਾਣੀ ਦੀ ਗੁਣਵੱਤਾ ਅਤੇ ਮਿਕਦਾਰ ਦੀ ਵੀ ਲਗਾਤਾਰ ਜਾਂਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਦਾ ਕੰਮ 8 ਮਹੀਨਿਆਂ ਵਿੱਚ ਪੂਰਾ ਕਰ ਲਿਆ ਜਾਵੇਗਾ ਅਤੇ ਨਿਰਮਾਣ ਕਰਨ ਵਾਲੀ ਏਜੰਸੀ ਵੱਲੋਂ 10 ਸਾਲਾਂ ਲਈ ਇਸ ਦੇਖਰੇਖ ਕੀਤੀ ਜਾਵੇਗੀ।