ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 4 ਅਕਤੂਬਰ
ਇੱਥੋਂ ਦੇ ਸੈਕਟਰ-70 ਵਿੱਚ ਰਹਿੰਦੇ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਦੇ ਪੁੱਤਰ ਨਵਤੇਸਵਰ ਸਿੰਘ ਨੂੰ ਭਾਰਤੀ ਸੈਨਾ ਵਿੱਚ ਲੈਫ਼ਟੀਨੈਂਟ ਚੁਣਿਆ ਗਿਆ ਹੈ, ਜੋ ਹੁਣ ਵਿਸ਼ੇਸ਼ ਟਰੇਨਿੰਗ ਲਈ ਮਦਰਾਸ ਰਵਾਨਾ ਹੋ ਗਿਆ। ਜ਼ਿਕਰਯੋਗ ਹੈ ਕਿ ਨਵਤੇਸਵਰ ਦੇ ਪਿਤਾ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਨੇ 13 ਅਪਰੈਲ 1999 ਨੂੰ ਕਾਰਗਿਲ ਦੀ ਲੜਾਈ ਵਿੱਚ ਸ਼ਹਾਦਤ ਦਾ ਜਾਮ ਪੀ ਲਿਆ ਸੀ। ਨਵਤੇਜਵਰ ਦੇ ਦਾਦਾ ਕੈਪਟਨ ਹਰਪਾਲ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤਰ ਦੀ ਸ਼ਹਾਦਤ ਤੋਂ ਬਾਅਦ ਭਾਰਤ ਦੇ ਰਾਸ਼ਟਰਪਤੀ ਵੱਲੋਂ ਉਸ ਨੂੰ ਸ਼ੌਰਿਆ ਚੱਕਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਮਗਰੋਂ ਸਰਕਾਰੀ ਐਲੀਮੈਂਟਰੀ ਸਕੂਲ ਮੁੰਡੀ ਖਰੜ ਦਾ ਨਾਮ ਸ਼ਹੀਦ ਮੇਜਰ ਹਰਮਿੰਦਰ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ ਰੱਖਿਆ ਗਿਆ ਸੀ ਅਤੇ ਪਿਛਲੀ ਸਰਕਾਰ ਨੇ ਮੁਹਾਲੀ ਦੇ ਇੱਕੋ-ਇੱਕ ਸਰਕਾਰੀ ਕਾਲਜ ਫੇਜ਼-6 ਦਾ ਨਾਂ ਵੀ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਦੇ ਨਾਮ ’ਤੇ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਿਛਲੀਆਂ ਤਿੰਨ ਪੀੜ੍ਹੀਆਂ ਤੋਂ ਉਨ੍ਹਾਂ ਦਾ ਪਰਿਵਾਰ ਦੇਸ਼ ਦੀ ਸੇਵਾ ਕਰਦਾ ਆ ਰਿਹਾ ਹੈ। ਹੁਣ ਉਸ ਦਾ ਪੋਤਾ ਨਵਤੇਸਵਰ ਸਿੰਘ ਵੀ ਫੌਜ ਵਿੱਚ ਲੈਫ਼ਟੀਨੈਂਟ ਚੁਣਿਆ ਗਿਆ ਹੈ।