ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ(ਮੁਹਾਲੀ), 25 ਅਕਤੂਬਰ
ਪਿੰਡ ਬੜੀ ਦੀ ਸ਼ਾਮਲਾਤ ਜ਼ਮੀਨ ਲੀਜ਼ ਉੱਤੇ ਦੇਣ ਦੇ ਬਹੁ-ਚਰਚਿਤ ਮਾਮਲੇ ਦੀ ਪੰਚਾਇਤ ਵੱਲੋਂ ਅੱਜ ਰੱਖੀ ਗਈ ਬੋਲੀ ਨਿਰਵਿਰੋਧ ਢੰਗ ਨਾਲ ਨੇਪਰੇ ਚੜ੍ਹ ਗਈ। ਇੱਥੋਂ ਦੇ ਜੁਝਾਰ ਨਗਰ ਵਿੱਚ ਜ਼ਿਲ੍ਹਾ ਪਰਿਸ਼ਦ ਭਵਨ ’ਚ ਬੀਡੀਪੀਓ ਮੁਹਾਲੀ ਹਿਤੇਨ ਕਪਿਲਾ ਦੀ ਦੇਖ-ਰੇਖ ਹੇਠ ਸਮੁੱਚੀ ਕਾਰਵਾਈ ਪੰਜ ਮਿੰਟਾਂ ਵਿੱਚ ਹੀ ਮੁਕੰਮਲ ਹੋ ਗਈ। ਪਦਮ ਭੂਸ਼ਣ ਡਾ. ਤਰਲੋਚਨ ਸਿੰਘ ਕੰਗ ਨੇ ਏਅਰਪੋਰਟ ਚੌਕ ਨੇੜੇ ਪੈਂਦੀ ਪਿੰਡ ਬੜੀ ਦੀ 7 ਏਕੜ ਤਿੰਨ ਕਨਾਲ ਜ਼ਮੀਨ ਇੱਕ ਲੱਖ, ਸਾਢੇ ਅੱਠ ਹਜ਼ਾਰ ਪ੍ਰਤੀ ਏਕੜ ਦੇ ਸਾਲਾਨਾ ਕਿਰਾਏ ਉੱਤੇ 33 ਸਾਲਾਂ ਦੀ ਲੀਜ਼ ’ਤੇ ਆਪਣੇ ਨਾਂ ਕਰਵਾਈ।
ਨਿਰਧਾਰਿਤ ਸਮੇਂ ਅਨੁਸਾਰ ਦੁਪਹਿਰ 2 ਵਜੇ ਬੋਲੀ ਆਰੰਭ ਹੋਈ। ਇਸ ਮੌਕੇ ਡਾ. ਤਰਲੋਚਨ ਸਿੰਘ ਕੰਗ ਤੋਂ ਬਿਨਾਂ ਤਿੰਨ ਹੋਰ ਬੋਲੀਕਾਰ ਮੌਜੂਦ ਸਨ, ਜਿਨ੍ਹਾਂ ਇੱਕ-ਇੱਕ ਬੋਲੀ ਦਿੱਤੀ ਤੇ ਡਾ. ਕੰਗ ਦੇ ਨਾਂ ’ਤੇ ਇਹ ਬੋਲੀ ਟੁੱਟ ਗਈ। ਇਸ ਮੌਕੇ ਸਰਪੰਚ ਮਨਫੂਲ ਸਿੰਘ ਅਤੇ ਤਿੰਨ ਪੰਚ- ਕੁਲਵਿੰਦਰ ਸਿੰਘ, ਸੋਹਣ ਸਿੰਘ ਤੇ ਗੁਰਪ੍ਰੀਤ ਸਿੰਘ ਹਾਜ਼ਰ ਸਨ। ਸਰਪੰਚ ਨੇ ਦੱਸਿਆ ਕਿ ਜ਼ਮੀਨ ਦੇ ਸਾਲਾਨਾ ਕਿਰਾਏ ਵਿੱਚ ਹਰ ਸਾਲ 10 ਫ਼ੀਸਦੀ ਵਾਧਾ ਹੋਵੇਗਾ। ਉਨ੍ਹਾਂ ਦੱਸਿਆ ਕਿ ਸਬੰਧਤ ਡਾਕਟਰ ਪਿੰਡ ਨੂੰ ਗੋਦ ਲਵੇਗਾ। ਸਬੰਧਤ ਜ਼ਮੀਨ ਵਿੱਚ ਉਸਾਰੇ ਜਾਣ ਵਾਲੇ ਹਸਪਤਾਲ ਵਿੱਚ ਮੈਡੀਕਲ ਸਟਾਫ਼ ਤੋਂ ਬਿਨ੍ਹਾਂ ਦੂਜਾ ਸਾਰਾ ਅਮਲਾ ਪਿੰਡ ਬੜੀ ਦਾ ਰੱਖਿਆ ਜਾਵੇਗਾ। ਪਿੰਡ ਦੇ ਸਮੁੱਚੇ ਵਸਨੀਕਾਂ ਦਾ ਹਰ ਤਰ੍ਹਾਂ ਦਾ ਮੁਫ਼ਤ ਇਲਾਜ ਹੋਵੇਗਾ।
ਡੱਬੀ ਇੱਕ
ਤਿੰਨ ਵਰ੍ਹਿਆਂ ਵਿੱਚ ਉਸਰੇਗਾ ਮਲਟੀ ਸਪੈਸ਼ਲਿਟੀ ਹਸਪਤਾਲ: ਡਾ ਕੰਗ
ਡਾ. ਤਰਲੋਚਨ ਸਿੰਘ ਕੰਗ ਨੇ ਪੰਜਾਬੀ ਟ੍ਰਿਬਿਊਨ ਨਾਲ ਗੱਲ ਕਰਦਿਆਂ ਦੱਸਿਆ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਦੋਵੇਂ ਪਦਮ ਭੂਸ਼ਣ ਐਵਾਰਡ ਹਾਸਲ ਡਾਕਟਰ ਹਨ। ਉਨ੍ਹਾਂ ਕੋਲ ਚਾਲੀ ਸਾਲਾਂ ਦਾ ਤਜਰਬਾ ਹੈ। ਉਨ੍ਹਾਂ ਕਿਹਾ ਕਿ ਉਹ ਪਿੰਡ ਬੜੀ ਵਿੱਚ ਪੰਜ ਸੌ ਕਰੋੜ ਰੁਪਏ ਨਾਲ ਮਲਟੀ ਸਪੈਸ਼ਲਿਟੀ ਹਸਪਤਾਲ ਦੀ ਉਸਾਰੀ ਕਰਨਗੇ।
ਡੱਬੀ ਦੋ
ਸੁਖਬੀਰ ਬਾਦਲ ਅਤੇ ਚੰਦੂਮਾਜਰਾ ਨੇ ਕੀਤਾ ਸੀ ਜ਼ਮੀਨ ਲੀਜ਼ ’ਤੇ ਦੇਣ ਦਾ ਵਿਰੋਧ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਬੀਤੇ ਦਿਨ ਪਿੰਡ ਬੜੀ ਪਹੁੰਚ ਕੇ ਸ਼ਾਮਲਾਤ ਜ਼ਮੀਨ ਪ੍ਰਾਈਵੇਟ ਹਸਪਤਾਲ ਲਈ ਦੇਣ ਦਾ ਵਿਰੋਧ ਕਰ ਰਹੇ ਪਿੰਡ ਵਾਸੀਆਂ ਦੀ ਹਮਾਇਤ ਦਾ ਐਲਾਨ ਕੀਤਾ ਸੀ। ਉਨ੍ਹਾਂ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ’ਤੇ ਵੀ ਕਈ ਇਲਜ਼ਾਮ ਲਾਏ ਸਨ। ਸ੍ਰੀ ਚੰਦੂਮਾਜਰਾ ਅਤੇ ਪਿੰਡ ਵਾਸੀਆਂ ਨੇ ਸ਼ਾਮਲਾਤ ਜ਼ਮੀਨ ਦੀ ਬੋਲੀ ਨਾ ਹੋਣ ਦਾ ਐਲਾਨ ਕੀਤਾ ਸੀ, ਪਰ ਅੱਜ ਬੋਲੀ ਮੌਕੇ ਵਿਰੋਧ ਕਰਨ ਲਈ ਕੋਈ ਨਾ ਪੁੱਜਾ ਅਤੇ ਪੰਚਾਇਤ ਵਿਭਾਗ ਨੇ ਬੋਲੀ ਦਾ ਸਮੁੱਚਾ ਅਮਲ ਨਿਰਵਿਘਨ ਮੁਕੰਮਲ ਕੀਤਾ। ਜ਼ਮੀਨ ਲੀਜ਼ ’ਤੇ ਦੇਣ ਦਾ ਵਿਰੋਧ ਕਰ ਰਹੇ ਪਿੰਡ ਦੇ ਵਸਨੀਕ ਕਮਲਜੀਤ ਸਿੰਘ ਨੇ ਆਖਿਆ ਕਿ ਉਹ ਇਹ ਸਾਰਾ ਮਾਮਲਾ ਅਦਾਲਤ ਵਿੱਚ ਲੈ ਕੇ ਜਾਣਗੇ।
ਕੈਪਸ਼ਨ; ਪਿੰਡ ਬੜੀ ਦੀ ਸ਼ਾਮਲਾਤ ਜ਼ਮੀਨ ਲੀਜ਼ ’ਤੇ ਦੇਣ ਲਈ ਚੱਲ ਰਹੀ ਬੋਲੀ ਦੀ ਪ੍ਰਕਿਰਿਆ।