ਪੱਤਰ ਪ੍ਰੇਰਕ
ਖਰੜ, 17 ਮਾਰਚ
ਸਾਹਿਤਕ ਸੱਥ ਖਰੜ ਦੀ ਇਕੱਤਰਤਾ ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਜਸਵਿੰਦਰ ਸਿੰਘ ਕਾਈਨੌਰ, ਪ੍ਰਿੰਸੀਪਲ ਸਤਨਾਮ ਸਿੰਘ ਸ਼ੋਕਰ ਅਤੇ ਸੌਕ ਇੰਦਰ ਸਿੰਘ ਕੋਰਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਜੇਐੱਸ ਮਹਿਰਾ ਦੀ ਸੰਪਾਦਨਾ ਹੇਠ ਸ਼ੁਰੂ ਕੀਤੇ ਸ਼ਿਵਾਲਿਕ ਨਾਂ ਦੇ ਮੈਗਜ਼ੀਨ (ਤ੍ਰੈਮਾਸਿਕ, ਪੁਸਤਕ ਲੜੀ) ਦੇ ਪਲੇਠੇ ਅੰਕ ਨੂੰ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਸੌਕ ਇੰਦਰ ਸਿੰਘ ਨੇ ਕਿਹਾ ਕਿ ਕਿਸੇ ਵੀ ਭਾਸ਼ਾ ਦੇ ਵਿਕਾਸ ’ਚ ਸਾਹਿਤਕ ਪੱਤਰਕਾਰੀ ਦਾ ਬੜਾ ਨਿੱਗਰ ਯੋਗਦਾਨ ਹੁੰਦਾ ਹੈ। ਜਿੱਥੇ ਅਸੀਂ ਪੰਜਾਬੀ ਭਾਸ਼ਾ ਲਈ ਨਿੱਤ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ ਤਾਂ ਦੂਜੇ ਪਾਸੇ ਭਾਸ਼ਾ ਤੇ ਸਾਹਿਤ ਦੀ ਸੇਵਾ ਲਈ ਤ੍ਰੈਮਾਸਿਕ ਪੱਤਰ ‘ਸ਼ਿਵਾਲਿਕ’ ਦੇ ਪ੍ਰਕਾਸ਼ਨ ਵਰਗਾ ਮੁਬਾਰਕ ਕਦਮ ਮਾਰੂਥਲ ਵਿੱਚ ਬਰਸਾਤ ਵਾਂਗ ਸਾਹਮਣੇ ਆਇਆ ਹੈ।
ਪ੍ਰਿੰਸੀਪਲ ਸਤਨਾਮ ਸਿੰਘ ਸ਼ੋਕਰ ਨੇ ਕਿਹਾ ਕਿ ਪੁਆਧ ਦੇ ਇਲਾਕੇ ਤੋਂ ਪੰਜਾਬੀ ਵਿੱਚ ਸ਼ਿਵਾਲਿਕ ਨਾਂ ਦਾ ਰਸਾਲਾ ਸ਼ੁਰੂ ਹੋਣਾ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਲਈ ਕੀਤਾ ਗਿਆ ਸਲਾਹੁਣਯੋਗ ਉਪਰਾਲਾ ਹੈ।