ਚੰਡੀਗੜ੍ਹ (ਟਨਸ): ਦਿ ਟ੍ਰਿਬਿਊਨ ਦੇ ਜਨਰਲ ਮੈਨੇਜਰ ਵਿਨੈ ਵਰਮਾ ਦੇ ਪਿਤਾ ਅਤੇ ਪੰਜਾਬ ਯੂਨੀਵਰਸਿਟੀ ਦੇ ਸਿੱਖਿਆ ਸ਼ਾਸਤਰੀ ਰਹੇ ਡਾ. ਆਰ ਸੀ ਵਰਮਾ ਦਾ ਸ਼ਨਿਚਰਵਾਰ ਨੂੰ ਇਥੇ ਸੰਖੇਪ ਬਿਮਾਰੀ ਬਾਅਦ ਦੇਹਾਂਤ ਹੋ ਗਿਆ। ਉਹ 88 ਵਰ੍ਹਿਆਂ ਦੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਸੈਕਟਰ-25 ਦੇ ਸ਼ਮਸ਼ਾਨਘਾਟ ਵਿੱਚ ਐਤਵਾਰ ਦੁਪਹਿਰ 12.30 ਵਜੇ ਹੋਵੇਗਾ। ਡਾ. ਵਰਮਾ ਦੇ ਪਰਿਵਾਰ ਵਿੱਚ ਪਿੱਛੇ ਪਤਨੀ, ਦੋ ਪੁੱਤਰ ਅਤੇ ਇਕ ਧੀ ਰਹਿ ਗਏ ਹਨ। ਉਨ੍ਹਾਂ ਦਾ ਇੱਕ ਪੁੱਤਰ ਅਤੇ ਧੀ ਡਾਕਟਰ ਹਨ। ਸਿੱਖਿਆ ਸ਼ਾਸਤਰੀ ਡਾ. ਆਰ ਸੀ ਵਰਮਾ ਪੰਜਾਬ ਯੂਨੀਵਰਸਿਟੀ ਵਿੱਚ 33 ਵਰ੍ਹਿਆਂ ਦੀ ਸੇਵਾ ਬਾਅਦ 1995 ਵਿੱਚ ਯੂਨੀਵਰਸਿਟੀ ਬਿਜ਼ਨਸ ਸਕੂਲ ਤੋਂ ਪ੍ਰੋਫੈਸਰ ਵਜੋਂ ਸੇਵਾਮੁਕਤ ਹੋਏ ਸਨ। ਇਸ ਤੋਂ ਬਾਅਦ ਉਹ ਫਰੀਦਾਬਾਦ ਅਤੇ ਮੁਹਾਲੀ ਵਿੱਚ ਉੱਘੀਆਂ ਸੰਸਥਾਵਾਂ ਵਿੱਚ ਅਹਿਮ ਅਹੁਦਿਆਂ ’ਤੇ ਰਹੇ। ਉਨ੍ਹਾਂ ‘ਫੂਡ ਫਾਰ ਹੈਲਥ-ਏਂਸ਼ੀਐਂਟ ਵਿਜ਼ਡਮ-ਹੈਲਦੀ ਲਿਵਿੰਗ’ ਕਿਤਾਬ ਲਿਖੀ ਤੇ ਉਨ੍ਹਾਂ ਦੇ ਲੇਖ ਕਈ ਪਰਚਿਆਂ ਵਿੱਚ ਪ੍ਰਕਾਸ਼ਿਤ ਹੋਏ।