ਅਜੈ ਮਲਹੋਤਰਾ
ਬਸੀ ਪਠਾਣਾਂ, 25 ਅਕਤੂਬਰ
ਧਾਰਮਿਕ ਸਥਾਨ ਦੀ ਦੁਕਾਨ ਦੇ ਕਬਜ਼ੇ ਨੂੰ ਲੈ ਕੇ ਅੱਜ ਬਸੀ ਪਠਾਣਾਂ ਸਬ-ਡਿਵੀਜ਼ਨ ਅਧੀਨ ਪੈਂਦੇ ਪਿੰਡ ਨੰਦਪੁਰ-ਕਲੌੜ ਵਿੱਚ ਦੋ ਧਿਰਾਂ ਵਿੱਚ ਖੂਨੀ ਟਕਰਾਅ ਹੋਣ ਨਾਲ ਇੱਕ ਔਰਤ ਸਣੇ ਚਾਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਬਸੀ ਪਠਾਣਾਂ ਦੇ ਸਿਵਲ ਹਸਪਤਾਲ ਵਿੱਚ ਪਹੁੰਚੇ ਜ਼ਖ਼ਮੀ ਕੁਲਵਿੰਦਰ ਸਿੰਘ (40) ਅਤੇ ਹਰਦੀਪ ਸਿੰਘ ਵਾਸੀ ਪਿੰਡ ਸਿੱਲ ਦੇ ਵੱਡੇ ਭਰਾ ਹਰਚੰਦ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਕੁਲਵਿੰਦਰ ਸਿੰਘ ਅਤੇ ਹਰਦੀਪ ਸਿੰਘ ਪਿੰਡ ਨੰਦਪੁਰ ਵਿੱਚ ਬਿੱਟੂ ਜਨਰਲ ਸਟੋਰ ਦੇ ਨਾਮ ’ਤੇ ਦੁਕਾਨ ਕਰਦੇ ਹਨ ਅਤੇ ਇਹ ਦੁਕਾਨ ਉਨ੍ਹਾਂ ਨੇ ਸੰਦੀਪ ਬੈਰਾਗੀ ਤੋਂ ਕਿਰਾਏ ’ਤੇ ਲਈ ਹੋਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੁਕਾਨਾਂ ਦੇ ਸਬੰਧੀ ਇੱਕ ਮੁਕੱਦਮਾ ਅਦਾਲਤ ਵਿੱਚ ਮੋਹਨ ਲਾਲ ਵਾਸੀ ਪਿੰਡ ਨੰਦਪੁਰ ਨਾਲ ਚੱਲ ਰਿਹਾ ਹੈ। ਅੱਜ ਜਦੋਂ ਉਸ ਦੇ ਭਰਾ ਦੁਕਾਨ ਵਿੱਚ ਕੁੱਝ ਸਾਮਾਨ ਲੈਣ ਲਈ ਆਏ ਤਾਂ ਮੋਹਨ ਲਾਲ ਅਤੇ ਉਸ ਨਾਲ ਆਏ ਹੋਰ ਲੋਕਾਂ ਨੇ ਉਸ ਦੇ ਭਰਾਵਾਂ ’ਤੇ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ।
ਦੁੂਜੇ ਪਾਸੇ ਜ਼ਖਮੀ ਹੋਏ ਮੋਹਨ ਲਾਲ ਨੇ ਦੱਸਿਆ ਕਿ ਦੁਕਾਨ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਸਾਡੇ ’ਤੇ ਯੋਜਨਾਬੱਧ ਤਰੀਕੇ ਨਾਲ ਹਮਲਾ ਕੀਤਾ ਗਿਆ ਹੈ।
ਇਸ ਸਬੰਧੀ ਦੁਕਾਨ ਦੇ ਮਾਲਕ ਸੰਦੀਪ ਬੈਰਾਗੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਦੁਕਾਨ ਠਾਕੁਰ ਦੁਆਰਾ, ਬਸੀ ਪਠਾਣਾਂ ਦੀ ਹੈ, ਜਿਸ ਦੇ ਉਹ ਮਹੰਤ ਹਨ। ਇਹ ਦੁਕਾਨ ਉਸ ਨੇ ਸਾਲ 2018 ਵਿੱਚ ਕੁਲਵਿੰਦਰ ਸਿੰਘ ਨੂੰ ਕਿਰਾਏ ’ਤੇ ਦਿੱਤੀ ਸੀ ਅਤੇ ਮੋਹਨ ਲਾਲ ਇਸ ਵਿੱਚ ਬਿਨਾ ਮਤਲਬ ਦਖਲਅੰਦਾਜ਼ੀ ਕਰ ਰਿਹਾ ਹੈ।
ਬਸੀ ਪਠਾਣਾਂ ਦੇ ਥਾਣਾ ਮੁਖੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜ਼ਖ਼ਮੀ ਕੁਲਵਿੰਦਰ ਸਿੰਘ ਅਤੇ ਹਰਦੀਪ ਸਿੰਘ ਨੂੰ ਬਸੀ ਪਠਾਣਾਂ ਹਸਪਤਾਲ ਪਹੁੰਚਾਇਆ। ਉਨ੍ਹਾਂ ਕਿਹਾ ਕਿ ਇਸ ਝਗੜੇ ਦੇ ਮੁਲਜ਼ਮ ਬਖ਼ਸ਼ੇ ਨਹੀਂ ਜਾਣਗੇ।