ਪੱਤਰ ਪ੍ਰੇਰਕ
ਕੁਰਾਲੀ, 22 ਜੂਨ
ਸ਼ਹਿਰ ਦੇ ਮਾਤਾ ਰਾਣੀ ਚੌਕ ਵਿੱਚ ਨਿਕਾਸੀ ਨਾਲੇ ਦੀ ਥਾਂ ਪਾਈਪਾਂ ਪਾਉਣ ਦਾ ਮਾਮਲਾ ਗੰਭੀਰ ਹੁੰਦਾ ਜਾ ਰਿਹਾ ਹੈ। ਪਿਛਲੇ ਕਈ ਹਫ਼ਤਿਆਂ ਤੋਂ ਮਾਤਾ ਰਾਣੀ ਚੌਕ ਅਤੇ ਫੁਆਰਾ ਚੌਕ ਦੇ ਨਿਕਾਸੀ ਪ੍ਰਬੰਧਾਂ ਨੂੰ ਸਹੀ ਕਰਨ ਲਈ ਕੌਂਸਲ ਵਲੋਂ ਨਿਕਾਸੀ ਨਾਲੇ ਦੀ ਥਾਂ ਪਾਈਪਲਾਈਨ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ, ਪਰ ਦੁਕਾਨਦਾਰਾਂ ਨੇ ਪਾਈਪਲਾਈਨ ਪਾਉਣ ਦਾ ਕੰਮ ਮਿਆਰੀ ਨਾ ਹੋਣ ਕਾਰਨ ਰੁਕਵਾ ਦਿੱਤਾ ਸੀ। ਮਸਲੇ ਦੇ ਹੱਲ ਲਈ ਕੌਂਸਲ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਅੱਜ ਸਬੰਧਤ ਵਿਭਾਗਾਂ ਦੀ ਟੀਮ ਨਾਲ ਮੌਕੇ ਦਾ ਦੌਰਾ ਕੀਤਾ। ਉਨ੍ਹਾਂ ਕੰਮ ਦੀ ਗੁਣਵੱਤਾ ਦਾ ਧਿਆਨ ਰੱਖਣ ਅਤੇ ਵੱਡੇ ਅਕਾਰ ਦੀਆਂ ਪਾਈਪਾਂ ਪਾਉਣ ਲਈ ਆਖਿਆ। ਕੌਂਸਲ ਪ੍ਰਧਾਨ ਦੇ ਦੌਰੇ ਮਗਰੋਂ ਅੱਜ ਜਦੋਂ ਕਰੀਬ ਦੋ ਹਫ਼ਤਿਆਂ ਬਾਅਦ ਚੌਕ ਦਾ ਕੰਮ ਮੁੜ ਸ਼ੁਰੂ ਹੋਇਆ ਤਾਂ ਕੁਝ ਦੁਕਾਨਦਾਰਾਂ ਨੇ ਮੁੜ ਤੋਂ ਕੰਮ ਦਾ ਵਿਰੋਧ ਸ਼ੁਰੂ ਕਰ ਦਿੱਤਾ। ਦੁਕਾਨਦਾਰਾਂ ਨੇ ਦੱਸਿਆ ਕਿ ਕੌਂਸਲ ਵਲੋਂ ਪਾਈਪ ਲਾਈਨ ਪਾਏ ਜਾਣ ਲਈ ਇੱਕ ਪਾਸੇ ਤੋਂ ਦੁਕਾਨਾਂ ਦੀਆਂ ਥੜ੍ਹੀਆਂ ਭੰਨਣ ਦੀ ਥਾਂ ਵਿਚਕਾਰਲੀਆਂ ਦੁਕਾਨਾਂ ਦੀਆਂ ਥੜ੍ਹੀਆਂ ਤੋੜੀਆਂ ਜਾ ਰਹੀਆਂ ਹਨ। ਇਹ ਕੰਮ ਇੱਕ ਪਾਸੇ ਤੋਂ ਸ਼ੁਰੂ ਹੋਣਾ ਚਾਹੀਦਾ ਹੈ।