ਆਤਿਸ਼ ਗੁਪਤਾ
ਚੰਡੀਗੜ੍ਹ, 28 ਅਗਸਤ
ਚੰਡੀਗੜ੍ਹ ਪ੍ਰਸ਼ਾਸਨ ਨੇ ਵੀਕਐਂਡ ’ਤੇ ਸ਼ਹਿਰ ਦੀਆਂ ਦੁਕਾਨਾਂ ਬੰਦ ਰੱਖਣ ਦਾ ਫ਼ੈਸਲਾ ਵਾਪਸ ਲੈ ਲਿਆ ਹੈ। ਹੁਣ ਸ਼ਹਿਰ ਦੀਆਂ ਦੁਕਾਨਾਂ ਅਤੇ ਮਾਰਕੀਟਾਂ ਸ਼ਨਿੱਚਰਵਾਰ ਅਤੇ ਐਤਵਾਰ ਨੂੰ ਵੀ ਖੁੱਲ੍ਹ ਸਕਣਗੀਆਂ। ਇਸ ਤੋਂ ਪਹਿਲਾਂ ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਵੀਕਐਂਡ ’ਤੇ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਨੂੰ ਛੱਡ ਕੇ ਹੋਰਨਾਂ ਦੁਕਾਨਾਂ ਨੂੰ ਬੰਦ ਰੱਖਣ ਦੇ ਆਦੇਸ਼ ਦਿੱਤੇ ਸਨ। ਮੌਜੂਦਾ ਫ਼ੈਸਲਾ ਯੂਟੀ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਦੀ ਅਗਵਾਈ ਹੇਠ ਅੱਜ ਕੋਵਿਡ-19 ਦੇ ਪ੍ਰਬੰਧਾਂ ਦੀ ਸਮੀਖਿਆ ਬੈਠਕ ਦੌਰਾਨ ਲਿਆ ਗਿਆ। ਜ਼ਿਕਰਯੋਗ ਹੈ ਕਿ ਵੀਕਐਂਡ ’ਤੇ ਦੁਕਾਨਾਂ ਬੰਦ ਰੱਖਣ ਦੇ ਹੁਕਮਾਂ ਕਾਰਨ ਸ਼ਹਿਰ ਦੇ ਦੁਕਾਨਦਾਰਾਂ ਦੇ ਕਾਰੋਬਾਰ ’ਤੇ ਮਾੜਾ ਅਸਰ ਪੈ ਰਿਹਾ ਸੀ ਤੇ ਊਹ ਕਹਿ ਕਰ ਰਹੇ ਸਨ ਕਿ ਕਰੋਨਾ ਮਹਾਮਾਰੀ ਕਾਰਨ ਊਨ੍ਹਾਂ ਦੀ ਆਮਦਨ ਘੱਟ ਗਈ ਹੈ ਤੇ ਹਫਤੇ ਦੇ ਅਖੀਰਲੇ ਦਿਨਾਂ ਵਿੱਚ ਲੌਕਡਾਊਨ ਨੇ ਊਨ੍ਹਾਂ ਦੇ ਰੁਜ਼ਗਾਰ ਨੂੰ ਢਾਹ ਲਗਾਈ ਹੈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਬਦਨੌਰ ਨੇ ਕਿਹਾ ਕਿ ਸ਼ਹਿਰ ਦੀਆਂ 12 ਮਾਰਕੀਟਾਂ ਵਿੱਚ ਲਗਾਇਆ ਗਿਆ ਔਡ-ਈਵਨ ਫਾਰਮੂਲਾ 3 ਸਤੰਬਰ ਤੱਕ ਪਹਿਲਾਂ ਦੀ ਤਰ੍ਹਾਂ ਲਾਗੂ ਰਹੇਗਾ। ਉਨ੍ਹਾਂ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਕਿ ਉਹ ਸਾਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਅਤੇ ਮਾਸਕ ਵੀ ਲਾਜ਼ਮੀ ਪਹਿਨਣ। ਊਨ੍ਹਾਂ ਦੱਸਿਆ ਕਿ ਸੁਖਨਾ ਝੀਲ ’ਤੇ ਸ਼ਨਿੱਚਰਵਾਰ ਅਤੇ ਐਤਵਾਰ ਨੂੰ ਲੋਕਾਂ ਦੇ ਦਾਖਲੇ ’ਤੇ ਲਗਾਈ ਗਈ ਪਾਬੰਦੀ ਜਾਰੀ ਰਹੇਗੀ। ਇਸ ਤੋਂ ਇਲਾਵਾ ਸ਼ਹਿਰ ਦੇ ਹੋਰਨਾਂ ਪਾਰਕਾਂ ਵਿੱਚ ਸੈਰ ਜਾਂ ਯੋਗਾ ਕਰਨ ਸਮੇਂ ਲੋਕਾਂ ਨੂੰ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ।
ਸਮੀਖਿਆ ਬੈਠਕ ਦੌਰਾਨ ਪ੍ਰਸ਼ਾਸਕ ਨੇ ਪ੍ਰਮੁੱਖ ਸਕੱਤਰ (ਸਿੱਖਿਆ) ਨੂੰ ਆਦੇਸ਼ ਦਿੱਤੇ ਕਿ ਉਹ ਯਕੀਨੀ ਬਣਾਉਣ ਕਿ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਦੌਰਾਨ ਸਮਾਜਿਕ ਦੂਰੀ ਦੇ ਨਿਯਮਾਂ ਅਤੇ ਕਰੋਨਾ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।
ਤਿੰਨ ਨਵੇਂ ਕੰਟੇਨਮੈਂਟ ਜ਼ੋਨ ਬਣਾਏ ਅਤੇ ਇਕ ਹਟਾਇਆ
ਚੰਡੀਗੜ੍ਹ ਵਿੱਚ ਕਰੋਨਾਵਾਇਰਸ ਦੇ ਪ੍ਰਕੋਪ ਕਾਰਨ ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਤਿੰਨ ਨਵੇਂ ਕੰਟੇਨਮੈਂਟ ਜ਼ੋਨ ਬਣਾਏ ਹਨ ਜਿਨ੍ਹਾਂ ਵਿੱਚ ਰਾਮ ਦਰਬਾਰ ਦੇ 11 ਘਰ, ਹੱਲੋਮਾਜਰਾ ਦੇ 5 ਘਰ ਅਤੇ ਸੈਕਟਰ-39 ਦੇ 66 ਫਲੈਟ ਸ਼ਾਮਲ ਹਨ। ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਸੈਕਟਰ-40 ਦੇ 6 ਘਰਾਂ ਨੂੰ ਕੰਟੇਨਮੈਂਟ ਜ਼ੋਨ ਵਿੱਚੋਂ ਬਾਹਰ ਕਰ ਦਿੱਤਾ ਹੈ।