ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 9 ਫਰਵਰੀ
ਮੁਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ’ਤੇ ਵਰ੍ਹਦਿਆਂ ਉਨ੍ਹਾਂ ’ਤੇ ਵਿਕਾਸ ਕੰਮਾਂ ਵਿੱਚ ਅੜਿੱਕੇ ਖੜ੍ਹੇ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਸਿੱਧੂ ਨੂੰ ਨਗਰ ਨਿਗਮ ਦੇ ਕੰਮਾਂ ਦਾ ਸਿਹਰਾ ਲੈਣਾ ਸ਼ੋਭਾ ਨਹੀਂ ਦਿੰਦਾ, ਸਗੋਂ ਮੰਤਰੀ ਨੂੰ ਪਿਛਲੇ ਚਾਰ ਸਾਲਾਂ ਵਿੱਚ ਮੁਹਾਲੀ ਦੇ ਵਿਕਾਸ ਸਬੰਧੀ ਆਪਣੀ ਕੋਈ ਪ੍ਰਾਪਤੀ ਦੱਸਣੀ ਚਾਹੀਦੀ ਹੈ। ਅੱਜ ਇੱਥੇ ਮੁਹਾਲੀ ਪ੍ਰੈਸ ਕਲੱਬ ਵਿੱਚ ‘ਮੀਟ ਦਿ ਪ੍ਰੈਸ’ ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਬਲਬੀਰ ਸਿੱਧੂ ਦੀ ਕਾਰਗੁਜ਼ਾਰੀ ’ਤੇ ਪ੍ਰਸ਼ਨ-ਚਿੰਨ੍ਹ ਲਗਾਉਂਦੇ ਹੋਏ ਕਿਹਾ ਕਿ ਉਹ ਪਿਛਲੇ ਚਾਰ ਸਾਲਾਂ ਵਿੱਚ ਸ਼ਹਿਰ ਲਈ ਇਕ ਵੀ ਪ੍ਰਾਜੈਕਟ ਲੈ ਕੇ ਨਹੀਂ ਆਏ ਹਨ। ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਮੈਡੀਕਲ ਕਾਲਜ ਹੁਣ ਤੱਕ ਸ਼ੁਰੂ ਨਹੀਂ ਹੋ ਸਕਿਆ ਹੈ ਅਤੇ ਸਿਹਤ ਮੰਤਰੀ ਦੇ ਆਪਣੇ ਸ਼ਹਿਰ ਵਿੱਚ ਸਿਹਤ ਸੇਵਾਵਾਂ ਦਾ ਮਾੜਾ ਹਾਲ ਹੈ।
ਸਾਬਕਾ ਮੇਅਰ ਨੇ ਕਿਹਾ ਕਿ ਪਿਛਲੀਆਂ ਚੋਣਾਂ ਵੇਲੇ ਸ੍ਰੀ ਸਿੱਧੂ ਨੇ ਇਹ ਵਾਅਦਾ ਕਰਕੇ ਵੋਟਾਂ ਲਈਆਂ ਸਨ ਕਿ ਮੁਹਾਲੀ ਵਾਸੀਆਂ ਨੂੰ ਪ੍ਰਾਪਰਟੀ ਟੈਕਸ ਤੋਂ ਮੁਕਤੀ ਦਿਵਾਈ ਜਾਵੇਗੀ ਅਤੇ ਸ਼ਹਿਰ ਵਿੱਚ ਨੀਡ ਬੇਸਿਡ ਪਾਲਿਸੀ ਲਾਗੂ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇਗੀ। ਉਨ੍ਹਾਂ ਦੋਸ਼ ਲਗਾਇਆ ਕਿ ਮੰਤਰੀ ਨੇ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਇਸ ਤੋਂ ਇਲਾਵਾ ਸਿਟੀ ਬੱਸ ਸਰਵਿਸ ਦਾ ਮਤਾ ਵੀ ਰੋਕ ਲਿਆ ਗਿਆ। ਸ਼ਹਿਰ ਵਿੱਚ ਅੰਡਰਗਰਾਊਂਡ ਗੈਸ ਪਾਈਪਲਾਈਨ ਵਿਛਾਉਣ ਦੇ ਮਾਮਲੇ ਵਿੱਚ ਵੀ ਮੰਤਰੀ ਵੱਲੋਂ ਕਥਿਤ ਤੌਰ ’ਤੇ ਅੜਿੱਕੇ ਖੜ੍ਹੇ ਕੀਤੇ ਗਏ। ਇਸ ਤੋਂ ਇਲਾਵਾ ਕਈ ਵਿਕਾਸ ਕੰਮਾਂ ਦੇ ਮਤਿਆਂ ਸਬੰਧੀ ਟੈਂਡਰ ਵੀ ਜਾਰੀ ਨਹੀਂ ਹੋਣ ਦਿੱਤੇ ਗਏ। ਹੁਣ ਚੋਣਾਂ ਨੇੜੇ ਆਉਂਦੀਆਂ ਦੇਖ ਕੇ ਸਿਆਸੀ ਲਾਹਾ ਲੈਣ ਲਈ ਵਿਕਾਸ ਕੰਮਾਂ ਦੇ ਟੈਂਡਰ ਜਾਰੀ ਕਰਕੇ ਨੀਂਹ ਪੱਥਰ ਰੱਖੇ ਗਏ ਅਤੇ ਸਰਕਾਰ ਦੀ ਅਣਦੇਖੀ ਦੇ ਚੱਲਦਿਆਂ ਮਹਿੰਗੇ ਪਾਣੀ ਖ਼ਿਲਾਫ਼ ਲੋਕਾਂ ਨੂੰ ਅਦਾਲਤ ਦੀ ਸ਼ਰਨ ਵਿੱਚ ਜਾਣਾ ਪਿਆ। ਅਦਾਲਤ ਨੇ ਫੈਸਲਾ ਸੁਣਾਉਣ ਦਾ ਦਿਨ ਨਿਰਧਾਰਿਤ ਕੀਤਾ ਤਾਂ ਹੁਕਮਰਾਨਾਂ ਨੇ ਇਹ ਫਾਈਲ ਕਲੀਅਰ ਕਰਕੇ ਰਿਪੋਰਟ ਪੇਸ਼ ਕਰ ਦਿੱਤੀ। ਅਕਾਲੀ ਦਲ ਵੱਲੋਂ ਚੋਣ ਮੈਨੀਫੈਸਟੋ ਜਾਰੀ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਪਾਰਟੀ ਦੇ ਮੁੱਖ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਅੱਜ ਇੱਥੇ ਨਿਗਮ ਚੋਣਾਂ ਸਬੰਧੀ ਅਕਾਲੀ ਦਲ ਦਾ ਚੋਣ ਮੈਨੀਫੈਸਟੋ ਜਾਰੀ ਕੀਤਾ। ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਮੁਹਾਲੀ ਦਾ ਜੋ ਵਿਕਾਸ ਨਜ਼ਰ ਆ ਰਿਹਾ ਹੈ, ਇਹ ਸਭ ਪਿਛਲੀ ਅਕਾਲੀ ਸਰਕਾਰ ਦੀ ਦੇਣ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਦੇ ਐਂਟਰੀ ਪੁਆਇੰਟਾਂ ਅਤੇ ਚੌਕਾਂ ’ਤੇ ਸੀਸੀਟੀਵੀ ਕੈਮਰੇ ਲਗਾਏ ਜਾਣਗੇ, ਅੰਡਰਗਰਾਉਂਡ ਬਿਜਲੀ ਦੀਆਂ ਤਾਰਾਂ ਪਾਈਆਂ ਜਾਣਗੀਆਂ, ਅੰਡਰਗਰਾਉਂਡ ਪਾਰਕਿੰਗ, ਸਾਈਕਲ ਟਰੈਕ, ਲਾਈਟ ਅਤੇ ਸਾਊਂਡ ਪਾਰਕ ਸਥਾਪਿਤ ਕਰਨ ਸਮੇਤ ਮਿੰਨੀ ਬੱਸ ਸੇਵਾ ਤੇ ਪਾਰਕਾਂ ਦੀਆਂ ਲਾਇਬ੍ਰੇਰੀਆਂ ਵਿੱਚ ਕਿਤਾਬਾਂ ਮੁਹੱਈਆ ਕਰਵਾਈਆਂ ਜਾਣਗੀਆਂ। ਲਾਵਾਰਿਸ ਪਸ਼ੂਆਂ ਦੀ ਸਮੱਸਿਆ ਤੋਂ ਵੀ ਨਿਜਾਤ ਦਿਵਾਈ ਜਾਵੇਗੀ।
ਵਿਧਾਇਕ ਸ਼ਰਮਾ ਵੱਲੋਂ ਚੋਣ ਪ੍ਰਚਾਰ ਡੇਰਾਬੱਸੀ/ਜ਼ੀਰਕਪੁਰ (ਹਰਜੀਤ ਸਿੰਘ): ਹਲਕਾ ਵਿਧਾਇਕ ਐਨ.ਕੇ. ਸ਼ਰਮਾ ਨੇ ਜ਼ੀਰਕਪੁਰ ਦੇ ਵਾਰਡ ਨੰਬਰ-5 ਵਿੱਚ ਅਕਾਲੀ ਦਲ ਦੀ ਉਮੀਦਵਾਰ ਮਨੀਸ਼ਾ ਮਲਿਕ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਝੂੂਠਾ ਪ੍ਰਚਾਰ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਜਦਕਿ ਅਕਾਲੀ ਦਲ ਵਿਕਾਸ ਕਾਰਜਾਂ ਦੇ ਆਧਾਰ ’ਤੇ ਵੋਟਾਂ ਮੰਗ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ੀਰਕਪੁਰ ਵਿਚ ਕਰਵਾਏ ਗਏ ਵਿਕਾਸ ਸਦਕਾ ਉਨ੍ਹਾਂ ਦੀ ਟੀਮ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ। ਸ੍ਰੀ ਸ਼ਰਮਾ ਨੂੰ ਅੱਜ ਬਿਸ਼ਨਪੁਰਾ ਖੇਤਰ ਵਿੱਚ ਲੱਡੂਆਂ ਨਾਲ ਤੋਲਿਆ ਗਿਆ।
ਇਸ ਮੌਕੇ ਸਾਬਕਾ ਕੌਂਸਲਰ ਬੀਬੀ ਚੌਧਰੀ, ਜਗਤਾਰ ਸਿੰਘ ਸੋਢੀ, ਹਰਦੀਪ ਸਿੰਘ ਤੇ ਦਿਲਬਾਗ ਸਿੰਘ ਸਣੇ ਹੋਰ ਆਗੂ ਹਾਜ਼ਰ ਸਨ। ਸ੍ਰੀ ਸ਼ਰਮਾ ਨੇ ਡੇਰਾਬੱਸੀ ਦੇ ਮੁਬਾਰਿਕਪੁਰ ਖੇਤਰ ਵਿੱਚ ਪੈਂਦੇ ਚਾਰ ਵਾਰਡਾਂ, ਵਾਰਡ ਨੰਬਰ 10 ਵਿੱਚ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਸੈਣੀ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ।
ਮੁਹਾਲੀ ਦੇ ਵਿਕਾਸ ’ਚ ਫੇਲ੍ਹ ਰਿਹਾ ਸਾਬਕਾ ਮੇਅਰ: ਸਿੱਧੂ
ਮੁਹਾਲੀ (ਕਰਮਜੀਤ ਸਿੰਘ ਚਿੱਲਾ): ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁਹਾਲੀ ਨਿਗਮ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਦਾ ਹੋਕਾ ਦਿੱਤਾ ਹੈ। ਅੱਜ ਸ਼ਹਿਰ ਵਿੱਚ ਦੋ ਦਰਜਨ ਦੇ ਕਰੀਬ ਇਕੱਠਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਾਬਕਾ ਮੇਅਰ ਕੁਲਵੰਤ ਸਿੰਘ ਸ਼ਹਿਰ ਦਾ ਵਿਕਾਸ ਕਰਵਾਉਣ ਵਿੱਚ ਫੇਲ੍ਹ ਰਹੇ ਹਨ। ਉਨ੍ਹਾਂ ਆਖਿਆ ਕਿ ਮੁਹਾਲੀ ਦਾ ਵਿਕਾਸ ਕਾਂਗਰਸ ਸਰਕਾਰ ਸਮੇਂ ਹੀ ਹੋਇਆ ਹੈ। ਉਨ੍ਹਾਂ ਮੈਡੀਕਲ ਕਾਲਜ, ਕਮਿਊਨਿਟੀ ਸੈਂਟਰ, ਪਾਰਕਾਂ, ਜਿੰਮਾਂ, ਸੁਸਾਇਟੀਆਂ ਦਾ ਵਿਕਾਸ, ਸੀਵੇਰਜ ਤੇ ਪਾਣੀ ਦੀਆਂ ਲਾਈਨਾਂ ਦੇ ਨਵੀਨੀਕਰਨ ਸਮੇਤ ਅਨੇਕਾਂ ਕੰਮ ਗਿਣਾਉਂਦਿਆਂ ਕਿਹਾ ਕਿ ਸ਼ਹਿਰ ਦੀ ਖੂਬਸੂਰਤੀ ਲਈ ਕਾਂਗਰਸ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਆਪਣੀ ਹਾਰ ਤੋਂ ਘਬਰਾ ਕੇ ਨਾਮਜ਼ਦਗੀ ਕਾਗਜ਼ਾਂ ਵਿੱਚ ਗਲਤੀਆਂ ਛੱਡ ਕੇ ਭੱਜਣ ਦਾ ਰਾਹ ਲੱਭ ਰਹੀਆਂ ਹਨ। ਇਸੇ ਦੌਰਾਨ ਅਮਰਜੀਤ ਜੀਤੀ ਸਿੱਧੂ, ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਐਡਵੋਕੇਟ ਕੰਵਰਬੀਰ ਸਿੰਘ ਰੂਬੀ ਸਿੱਧੂ ਤੇ ਦਲਜੀਤ ਕੌਰ ਸਿੱਧੂ ਨੇ ਅੱਜ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਰੈਲੀਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਕਾਂਗਰਸੀ ਉਮੀਦਵਾਰ ਜਸਪ੍ਰੀਤ ਸਿੰਘ ਗਿੱਲ, ਕੁਲਜੀਤ ਸਿੰਘ ਬੇਦੀ, ਬਲਜੀਤ ਕੌਰ, ਅਮਰੀਕ ਸਿੰਘ ਸੋਮਲ, ਰਵਿੰਦਰ ਸਿੰਘ, ਪ੍ਰਦੀਪ ਸੋਨੀ ਆਦਿ ਨੇ ਸ੍ਰੀ ਸਿੱਧੂ ਦੀ ਅਗਵਾਈ ਹੇਠ ਸ਼ਹਿਰ ਅਤੇ ਵਾਰਡਾਂ ਦੇ ਵਿਕਾਸ ਲਈ ਤਤਪਰ ਰਹਿਣ ਦਾ ਅਹਿਦ ਲਿਆ।
ਭਾਜਪਾ ਉਮੀਦਵਾਰਾਂ ਦੇ ਪੋਸਟਰ ਪਾੜੇ
ਮੁਹਾਲੀ (ਪੱਤਰ ਪ੍ਰੇਰਕ): ਇੱਥੋਂ ਦੇ ਫੇਜ਼-11 ਵਿੱਚ ਘਰ-ਘਰ ਚੋਣ ਪ੍ਰਚਾਰ ਦੌਰਾਨ ਇਕ ਮੁਹੱਲੇ ਵਿੱਚ ਕਈ ਔਰਤਾਂ ਨੇ ਭਾਜਪਾ ਉਮੀਦਵਾਰਾਂ ਨੂੰ ਖਰੀਆਂ ਖਰੀਆਂ ਸੁਣਾਈਆਂ। ਇੰਜ ਹੀ ਸ਼ਹਿਰ ਵਿੱਚ ਭਾਜਪਾ ਦੀ ਮਹਿਲਾ ਉਮੀਦਵਾਰ ਦੇ ਪੋਸਟਰ ਪਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਭਾਜਪਾ ਉਮੀਦਵਾਰਾਂ ਅਤੇ ਸੀਨੀਅਰ ਆਗੂਆਂ ਨੇ ਪੁਲੀਸ ਨੂੰ ਸ਼ਿਕਾਇਤ ਦੇ ਕੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਭਾਜਪਾ ਆਗੂਆਂ ਨੇ ਪੋਸਟਰ ਪਾੜਨ ਸਬੰਧੀ ਵਾਇਰਲ ਹੋਈ ਵੀਡੀਓ ਵੀ ਪੁਲੀਸ ਨੂੰ ਦਿੱਤੀ ਹੈ। ਵਾਰਡ ਨੰਬਰ-18 ਤੋਂ ਭਾਜਪਾ ਉਮੀਦਵਾਰ ਛਵੀ ਸ਼ਰਮਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਕਈ ਦਿਨਾਂ ਤੋਂ ਉਸ ਦੇ ਚੋਣ ਪ੍ਰਚਾਰ ਵਾਲੇ ਪੋਸਟਰ ਪਾੜੇ ਜਾ ਰਹੇ ਸਨ। ਹੁਣ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਪਤਾ ਚੱਲਿਆ ਕਿ ਉਸ ਦੇ ਪੋਸਟਰ ਦੋ ਵਿਅਕਤੀਆਂ ਨੇ ਪਾੜੇ ਹਨ। ਇੰਜ ਹੀ ਵਾਰਡ ਨੰਬਰ-3 ਤੋਂ ਭਾਜਪਾ ਉਮੀਦਵਾਰ ਗੀਤਾ ਆਨੰਦ, ਵਾਰਡ ਨੰਬਰ-19 ਤੋਂ ਉਮੀਦਵਾਰ ਸੀਮਾ ਜੋਸ਼ੀ ਅਤੇ ਵਾਰਡ ਨੰਬਰ-20 ਤੋਂ ਉਮੀਦਵਾਰ ਕ੍ਰਿਸ਼ਨ ਕੁਮਾਰ ਦੇ ਪੋਸਟਰ ਪਾੜੇ ਗਏ ਹਨ। ਨਗਰ ਨਿਗਮ ਚੋਣਾਂ ਸਬੰਧੀ ਭਾਜਪਾ ਦੇ ਇੰਚਾਰਜ ਕੇਡੀ ਭੰਡਾਰੀ ਅਤੇ ਸੂਬਾ ਕਾਰਜਕਾਰਨੀ ਮੈਂਬਰ ਸੁਖਵਿੰਦਰ ਸਿੰਘ ਗੋਲਡੀ ਨੇ ਅੱਜ ਮੁਹਾਲੀ ਦੇ ਐੱਸਪੀ (ਸਿਟੀ) ਹਰਵਿੰਦਰ ਸਿੰਘ ਵਿਰਕ ਅਤੇ ਡੀਐੱਸਪੀ ਦੀਪ ਕਮਲ ਨਾਲ ਮੁਲਾਕਾਤ ਕੀਤੀ ਅਤੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਸ੍ਰੀ ਵਿਰਕ ਨੇ ਕਿਹਾ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।