ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 31 ਜਨਵਰੀ
‘ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਮੁਹਾਲੀ ਦੇ ਲੋਕਾਂ ਨੂੰ ਵੋਟਾਂ ਦੀ ਰਾਜਨੀਤੀ ਦੇ ਤਹਿਤ ਬੁੱਧੂ ਬਣਾ ਰਹੇ ਹਨ। ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਝੂਠੇ ਪੱਥਰਾਂ ਦੀ ਭਰਮਾਰ ਹੈ ਅਤੇ ਗਰਾਂਟਾਂ ਦੇ ਝੂਠੇ ਮਨਜ਼ੂਰੀ ਪੱਤਰ ਵੰਡ ਕੇ ਉਹ ਫੋਕੀ ਵਾਹ-ਵਾਹੀ ਖੱਟ ਰਹੇ ਹਨ।’ ਇਹ ਪ੍ਰਗਟਾਵਾ ਯੂਥ ਅਕਾਲੀ ਦਲ ਮੁਹਾਲੀ ਦੇ ਪ੍ਰਧਾਨ ਅਤੇ ਅਕਾਲੀ ਉਮੀਦਵਾਰ ਕੈਪਟਨ ਰਮਨਦੀਪ ਸਿੰਘ ਬਾਵਾ ਨੇ ਕੀਤਾ।
ਇੱਥੇ ਕੈਪਟਨ ਬਾਵਾ ਨੇ ਦੱਸਿਆ ਕਿ ਮੁਹਾਲੀ ਨਗਰ ਨਿਗਮ ਨੂੰ 18 ਦਸੰਬਰ 2020 ਨੂੰ ਇੱਕ ਪੱਤਰ ਲਿਖ ਕੇ ਆਰਟੀਆਈ ਤਹਿਤ ਇਹ ਪੁੱਛਿਆ ਗਿਆ ਸੀ ਕਿ ਕਿਹੜੇ-ਕਿਹੜੇ ਵਾਰਡਾਂ ਵਿੱਚ ਸਿਹਤ ਮੰਤਰੀ ਵੱਲੋਂ ਗਰਾਂਟ ਦੇ ਚੈੱਕ ਤਕਸੀਮ ਕੀਤੇ ਗਏ ਹਨ, ਪਰ 28 ਜਨਵਰੀ ਨੂੰ ਨਿਗਮ ਵੱਲੋਂ ਪ੍ਰਾਪਤ ਹੋਏ ਪੱਤਰ ਮੁਤਾਬਕ ਬਲਬੀਰ ਸਿੱਧੂ ਵੱਲੋਂ ਪੰਚਮ ਸੁਸਾਇਟੀ ਸੈਕਟਰ-68 ਨੂੰ ਕੋਈ ਗਰਾਂਟ ਜਾਰੀ ਨਹੀਂ ਕੀਤੀ ਗਈ।
ਸੀਨੀਅਰ ਕਾਂਗਰਸ ਆਗੂ ਕੁਲਜੀਤ ਸਿੰਘ ਬੇਦੀ ਨੇ ਅਕਾਲੀ ਉਮੀਦਵਾਰ ਕੈਪਟਨ ਬਾਵਾ ਵੱਲੋਂ ਸਿਹਤ ਮੰਤਰੀ ’ਤੇ ਲੋਕਾਂ ਨੂੰ ਗੁਮਰਾਹ ਕਰਨ ਦੇ ਲਗਾਏ ਸਾਰੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਝੂਠ ਦਾ ਪੁਲੰਦਾ ਦੱਸਿਆ। ਉਨ੍ਹਾਂ ਕਿਹਾ ਕਿ ਕੈਪਟਨ ਬਾਵਾ ਅੱਧੀ ਅਧੂਰੀ ਜਾਣਕਾਰੀ ਨੂੰ ਆਧਾਰ ਬਣਾ ਕੇ ਮੰਤਰੀ ਖ਼ਿਲਾਫ਼ ਗਲਤ ਬਿਆਨਬਾਜ਼ੀ ਕਰ ਕੇ ਨਿਗਮ ਚੋਣਾਂ ਵਿੱਚ ਸਿਆਹੀ ਲਾਹਾ ਲੈਣਾ ਚਾਹੁੰਦੇ ਹਨ।