ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 26 ਅਕਤੂਬਰ
ਮੁਹਾਲੀ ਵਾਸੀਆਂ ਨੂੰ ਨੇੜ ਭਵਿੱਖ ਵਿੱਚ ਲਾਵਾਰਿਸ ਪਸ਼ੂਆਂ ਦੀ ਸਮੱਸਿਆ ਤੋਂ ਛੁਟਕਾਰਾ ਮਿਲਣ ਦੀ ਆਸ ਬੱਝ ਗਈ ਹੈ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਲਾਵਾਰਿਸ ਪਸ਼ੂਆਂ ਦੀ ਸੇਵਾ ਸੰਭਾਲ ਲਈ ਪਿੰਡ ਬਲੌਂਗੀ ਵਿੱਚ ‘ਬਾਲ ਗੋਪਾਲ ਗਊ ਬਸੇਰਾ’ ਨਾਂ ਦੀ ਗਊਸ਼ਾਲਾ ਬਣਾਉਣ ਦਾ ਨੀਂਹ ਰੱਖਿਆ। ਇਸ ਤੋਂ ਪਹਿਲਾਂ ਭੂਮੀ ਪੂਜਨ ਦੀ ਰਸਮ ਨਿਭਾਈ ਗਈ। ਸਮਾਗਮ ਵਿੱਚ ਸੰਸਦ ਮੈਂਬਰ ਮਨੀਸ਼ ਤਿਵਾੜੀ, ਐਸਐਸਪੀ ਸਤਿੰਦਰ ਸਿੰਘ, ਸੁਆਮੀ ਗੁਰਕਿਰਪਾ ਨੰਦ, ਸੁਆਮੀ ਚਿੰਨਮਿਯਾ ਨੰਦ ਕਾਮਧੇਨੁ ਗਊਸ਼ਾਲਾ ਨੂਰਮਹਿਲ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਇਸ ਕਾਰਜ ਲਈ ਗਰਾਮ ਪੰਚਾਇਤ ਬਲੌਂਗੀ ਵੱਲੋਂ 10 ਏਕੜ ਜ਼ਮੀਨ 33 ਸਾਲ ਲਈ ਲੀਜ਼ ’ਤੇ ਦਿੱਤੀ ਗਈ ਹੈ। ਬਾਲ ਗੋਪਾਲ ਗਊ ਬਸੇਰਾ ਨੂੰ ਚਲਾਉਣ ਲਈ ਟਰੱਸਟ ਬਣਾਇਆ ਗਿਆ ਹੈ। ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੱਧੂ ਨੇ ਦੱਸਿਆ ਕਿ ਮਾਹਰਾਂ ਦੀ ਸਲਾਹ ਨਾਲ ਬਾਲ ਗੋਪਾਲ ਗਊ ਬਸੇਰਾ ਨੂੰ ਆਧੁਨਿਕ ਤਕਨੀਕ ਨਾਲ ਤਿਆਰ ਕਰਵਾਇਆ ਜਾਵੇਗਾ। ਇੱਥੇ ਸ਼ਹਿਰ ਵਿੱਚ ਘੁੰਮਦੇ ਲਾਵਾਰਿਸ ਪਸ਼ੂਆਂ ਨੂੰ ਫੜ ਕੇ ਰੱਖਿਆ ਜਾਵੇਗਾ ਅਤੇ ਉਨ੍ਹਾਂ ਦੀ ਸੇਵਾ ਸੰਭਾਲ ਕੀਤੀ ਜਾਵੇਗੀ। ਉਨ੍ਹਾਂ ਚੰਗੀ ਨਸਲ ਤੇ ਚੰਗੇ ਪਸ਼ੂਆਂ ਲਈ ਵੱਖਰਾ ਸ਼ੈੱਡ ਅਤੇ ਨਕਾਰਾ ਪਸ਼ੂਆਂ ਲਈ ਵੱਖਰਾ ਸ਼ੈੱਡ ਬਣਾਇਆ ਜਾਵੇਗਾ। ਮਾਹਰਾਂ ਦੀ ਸਲਾਹ ਨਾਲ ਚੰਗਾ ਬ੍ਰੀਡ ਤਿਆਰ ਕਰਵਾਇਆ ਜਾਵੇਗਾ। ਚੰਗੇ ਪਸ਼ੂ ਲੋੜਵੰਦਾਂ ਨੂੰ ਸਹਾਇਕ ਧੰਦਿਆਂ ਲਈ ਦਿੱਤੇ ਜਾਣਗੇ। ਇਸ ਤੋਂ ਇਲਾਵਾ ਇੱਥੇ ਆਵਾਰਾ ਕੁੱਤਿਆਂ ਨੂੰ ਰੱਖਣ ਦੀ ਵਿਵਸਥਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਾਲ ਗੋਪਾਲ ਗਊ ਬਸੇਰਾ ਦੇ ਨਿਰਮਾਣ ਨਾਲ ਸ਼ਹਿਰ ਵਿੱਚ ਲਾਵਾਰਿਸ ਪਸ਼ੂਆਂ ਅਤੇ ਆਵਾਰਾ ਕੁੱਤਿਆਂ ਦੀ ਸਮੱਸਿਆ ਨਹੀਂ ਰਹੇਗੀ। ਇਸ ਮੌਕੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਪਸ਼ੂ ਧਨ ਬੋਲ ਕੇ ਆਪਣੀ ਭੁੱਖ ਪਿਆਸ ਦੁੱਖ ਨਹੀਂ ਦੱਸ ਸਕਦਾ ਹੈ, ਉਨ੍ਹਾਂ ਦੀ ਸੰਭਾਲ ਲਈ ਸ਼ਹਿਰ ਵਾਸੀਆਂ ਵੱਲੋਂ ਟਰੱਸਟ ਬਣਾਉਣਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਜ਼ਿਲ੍ਹਾ ਸਹਿਕਾਰੀ ਬੈਂਕ ਦੇ ਚੇਅਰਮੈਨ ਅਮਰਜੀਤ ਸਿੰਘ ਜੀਤੀ ਸਿੱਧੂ, ਐਸਡੀਐਮ ਜਗਦੀਪ ਸਹਿਗਲ, ਡੀਡੀਪੀਓ ਡੀ.ਕੇ. ਸਾਲਦੀ, ਸਾਬਕਾ ਕੌਂਸਲਰ ਕੁਲਜੀਤ ਸਿੰਘ ਬੇਦੀ ਮੌਜੂਦ ਸਨ।