ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 22 ਅਕਤੂਬਰ
ਇੱਥੋਂ ਦੇ ਸੈਕਟਰ-76 ਤੋਂ 80 ਦੇ ਸਰਬਪੱਖੀ ਵਿਕਾਸ ਅਤੇ ਸੈਕਟਰ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਵਿਕਾਸ ਕੰਮਾਂ ਨੂੰ ਮਿੱਥੇ ਸਮੇਂ ਵਿੱਚ ਨੇਪਰੇ ਚਾੜ੍ਹਨ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਸਿਹਤ ਮੰਤਰੀ ਅਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਇੱਥੇ ਸੈਕਟਰ-78 ਵਿੱਚ ਨਵੇਂ ਟਿਊਬਵੈੱਲ ਦਾ ਨੀਂਹ ਪੱਥਰ ਰੱਖਣ ਉਪਰੰਤ ਕੀਤਾ। ਉਨ੍ਹਾਂ ਕਿਹਾ ਕਿ ਇਸ ਟਿਊਬਵੈੱਲ ’ਤੇ 47.5 ਲੱਖ ਰੁਪਏ ਖ਼ਰਚਾ ਆਉਣ ਦਾ ਅਨੁਮਾਨ ਹੈ। ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਹਰਕੇਸ਼ ਚੰਦ ਸ਼ਰਮਾ ਆਦਿ ਹਾਜ਼ਰ ਸਨ।
ਬਨੂੜ (ਪੱਤਰ ਪ੍ਰੇਰਕ): ਪਿਛਲੇ ਕਈਂ ਸਾਲਾਂ ਤੋਂ ਮੁਰੰਮਤ ਦੀ ਉਡੀਕ ਕਰ ਰਹੀ ਬਠਲਾਣਾ ਪਿੰਡ ਦੀ ਫ਼ਿਰਨੀ ਅਤੇ ਸੜਕ ਦੀ ਹੁਣ ਨੁਹਾਰ ਬਦਲ ਜਾਵੇਗੀ। ਮੁਹਾਲੀ ਹਲਕੇ ਦੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਅੱਜ ਬਨੂੜ-ਲਾਂਡਰਾਂ ਮਾਰਗ ਤੋਂ ਬਠਲਾਣਾ ਪਿੰਡ ਵੱਲ ਜਾਂਦੀ ਸੜਕ ਦੀ ਮੁਰੰਮਤ ਦਾ ਕੰਮ ਆਰੰਭ ਕਰਾਇਆ।
ਸਪੀਕਰ ਨੇ ਵਿਕਾਸ ਕਾਰਜਾਂ ਲਈ ਗਰਾਂਟਾਂ ਦੇ ਚੈੱਕ ਵੰਡੇ
ਘਨੌਲੀ (ਜਗਮੋਹਨ ਸਿੰਘ): ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਵੱਲੋਂ ਭਰਤਗੜ੍ਹ ਖੇਤਰ ਦੇ ਸਮੂਹ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਵੱਖ ਵੱਖ ਥਾਵਾਂ ’ਤੇ ਕਰਵਾਏ ਸਮਾਗਮਾਂ ਦੌਰਾਨ ਕਰੋੜਾਂ ਰੁਪਏ ਦੇ ਚੈੱਕ ਵੰਡੇ ਗਏ। ਸਪੀਕਰ ਵੱਲੋਂ ਸਵੇਰੇ ਸਰਸਾ ਨੰਗਲ ਤੋਂ ਚੈੱਕ ਵੰਡ ਸਮਾਗਮਾਂ ਦੀ ਸ਼ੁਰੂਆਤ ਕਰਦੇ ਹੋਏ ਭਰਤਗੜ੍ਹ, ਬੜਾ ਪਿੰਡ ਤੇ ਜੋਤ ਪੈਲੇਸ ਬੁੰਗਾ ਸਾਹਿਬ ਵਿਖੇ ਸਮਾਗਮ ਕੀਤੇ ਗਏ। ਇਸ ਦੌਰਾਨ ਬੜਾ ਪਿੰਡ ਵਿੱਚ ਰਾਣਾ ਨੇ ਕਿਹਾ ਕਿ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਪੰਜਾਬ ਸਰਕਾਰ ਕੋਲ ਫੰਡਾਂ ਦੀ ਕੋਈ ਕਮੀ ਨਹੀਂ ਹੈ ਤੇ ਪੰਚਾਇਤਾਂ ਨੂੰ ਲੋੜੀਂਦੇ ਫੰਡ ਉਪਲੱਬਧ ਕਰਵਾਏ ਜਾ ਰਹੇ ਹਨ। ਉਨ੍ਹਾਂ ਸਰਪੰਚਾਂ ਨੂੰ ਪੰਚਾਇਤ ਮੈਂਬਰਾਂ ਨਾਲ ਸਲਾਹ ਮਸ਼ਵਰਾ ਕਰਕੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਕਿਹਾ। ਇਸ ਦੌਰਾਨ ਖਰੋਟਾ ਅੰਡਰਪਾਸ ਤੋਂ ਕੌਮੀ ਮਾਰਗ 205 ਤੱਕ ਭਾਖੜਾ ਨਹਿਰ ਦੇ ਕੰਢੇ 42.12 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ 1.3 ਕਿਲੋਮੀਟਰ ਲੰਬੀ ਸੜਕ ਦਾ ਨੀਂਹ ਪੱਥਰ ਵੀ ਰੱਖਿਆ ਗਿਆ।