ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਜੁਲਾਈ
ਸੈਕਟਰ-43 ਸਥਿਤ ਜ਼ਿਲ੍ਹਾ ਅਦਾਲਤ ਵਿੱਚ ਇੱਕ ਸਿੱਖ ਵਿਅਕਤੀ ਨੇ ਆਪਣੀ ਪਤਨੀ ਤੇ ਸਹੁਰਾ ਪਰਿਵਾਰ ’ਤੇ ਧਰਮ ਪਰਿਵਰਤਨ ਦਾ ਦਬਾਅ ਬਣਾਉਣ ਸਬੰਧੀ ਸਿਵਲ ਕੇਸ ਦਾਇਰ ਕੀਤਾ ਹੈ। ਜੁਡੀਸ਼ੀਅਲ ਮੈਜਿਸਟਰੇਟ ਰਸਵੀਨ ਕੌਰ ਦੀ ਅਦਾਲਤ ਨੇ ਸ਼ਿਕਾਇਤਕਰਤਾ ਦੀ ਪਤਨੀ ਅਤੇ ਸਹੁਰਾ ਪਰਿਵਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਤੇ ਅਗਲੀ ਸੁਣਵਾਈ 20 ਜੁਲਾਈ ’ਤੇ ਪਾ ਦਿੱਤੀ। ਵਕੀਲ ਦੀਕਸ਼ਿਤ ਅਰੋੜਾ ਨੇ ਦੱਸਿਆ ਕਿ ਪੀੜਤ ਨੇ ਸਾਲ 2008 ਵਿੱਚ ਮੁਸਲਿਮ ਸਮਾਜ ਨਾਲ ਸਬੰਧਤ ਇੱਕ ਲੜਕੀ ਨਾਲ ਅੰਮ੍ਰਿਤਸਰ ’ਚ ਵਿਆਹ ਕੀਤਾ ਸੀ ਤੇ ਇਸ ਤੋਂ ਬਾਅਦ ਹੀ ਸਹੁਰਾ ਪਰਿਵਾਰ ਉਸ ’ਤੇ ਕਥਿਤ ਤੌਰ ’ਤੇ ਧਰਮ ਪਰਿਵਰਤਨ ਦਾ ਦਬਾਅ ਬਣਾਉਣ ਲੱਗਾ। ਉਨ੍ਹਾਂ ਦੱਸਿਆ ਕਿ ਸਾਲ 2008 ਤੋਂ 2011 ਵਿੱਚ ਸ਼ਿਕਾਇਤਕਰਤਾ ਦਿੱਲੀ ਚਲਾ ਗਿਆ ਜਦਕਿ 2011 ਤੋਂ 2015 ਤੱਕ ਅੰਮ੍ਰਿਤਸਰ ਵਿੱਚ ਨੌਕਰੀ ਕੀਤੀ। ਉਨ੍ਹਾਂ ਦੱਸਿਆ ਕਿ ਸਾਲ 2012 ਵਿੱਚ ਉਸ ਦੀ ਪਤਨੀ ਨੇ ਪੁੱਤਰ ਨੂੰ ਜਨਮ ਦਿੱਤਾ।
ਪੀੜਤ ਨੇ ਦੋਸ਼ ਲਾਇਆ ਕਿ ਉਸ ਦੇ ਪੁੱਤਰ ਨੂੰ ਜਬਰੀ ਮੁਸਲਿਮ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿਵਲ ਸੂਟ ਮੁਤਾਬਕ ਉਹ ਸਾਲ 2016 ਵਿੱਚ ਚੰਡੀਗੜ੍ਹ ਵਾਪਸ ਆਇਆ ਹੈ ਜਿਸ ’ਤੇ ਮੁੜ ਮੁਸਲਿਮ ਬਣਨ ਦਾ ਦਬਾਅ ਪਾਇਆ ਗਿਆ। ਉਸ ਨੇ ਅਦਾਲਤ ਤੋਂ ਮੰਗ ਕੀਤੀ ਕਿ ਉਸ ’ਤੇ ਧਰਮ ਪਰਿਵਰਤਨ ਦਾ ਦਬਾਅ ਬਣਾਉਣ ਤੋਂ ਰੋਕਿਆ ਜਾਵੇ।