ਦਰਸ਼ਨ ਸਿੰਘ ਸੋਢੀ
ਮੁਹਾਲੀ, 16 ਜੂਨ
ਚੰਡੀਗੜ੍ਹ ਦੇ ਸੈਕਟਰ-27 ਦੇ ਪਾਰਕ ਵਿੱਚ ਗੋਲੀ ਮਾਰ ਕੇ ਕਤਲ ਕੀਤੇ ਰਾਸ਼ਟਰੀ ਪੱਧਰ ਦੇ ਨਿਸ਼ਾਨੇਬਾਜ਼ ਅਤੇ ਐਡਵੋਕੇਟ ਸੁਖਮਨਪ੍ਰੀਤ ਸਿੰਘ ਸਿੱਧੂ ਉਰਫ਼ ਸਿੱਪੀ ਸਿੱਧੂ ਦੇ ਪਰਿਵਾਰ ਨੂੰ ਕਤਲ ਮਾਮਲੇ ’ਚ ਇਨਸਾਫ਼ ਦੀ ਆਸ ਬੱਝ ਗਈ ਹੈ। ਅੱਜ ਇੱਥੋਂ ਦੇ ਫੇਜ-3ਬੀ2 ਸਥਿਤ ਆਪਣੇ ਨਿਵਾਸ ‘ਤੇ ਮੀਡੀਆ ਨਾਲ ਗੱਲਬਾਤ ਦੌਰਾਨ ਸਿੱਪੀ ਸਿੱਧੂ ਦੀ ਮਾਂ ਦੀਪਿੰਦਰ ਕੌਰ ਅਤੇ ਛੋਟੇ ਭਰਾ ਜਿੱਪੀ ਸਿੱਧੂ ਨੇ ਰੱਬ ਦਾ ਸ਼ੁਕਰ ਕਰਦਿਆਂ ਕਿਹਾ ਕਿ ਸੀਬੀਆਈ ਵੱਲੋਂ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੀ ਕਾਰਜਕਾਰੀ ਜੱਜ ਸਬੀਨਾ ਦੀ ਧੀ ਕਲਿਆਣੀ ਨੂੰ ਗ੍ਰਿਫਤਾਰ ਕਰਨ ਨਾਲ ਉਨ੍ਹਾਂ ਨੇ ਅੱਧੀ ਲੜਾਈ ਤਾਂ ਜਿੱਤ ਲਈ ਅਤੇ ਕਾਤਲਾਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਅੱਗੇ ਵੀ ਤੜਕੇ ਹੋ ਕੇ ਜੰਗ ਲੜੀ ਜਾਵੇਗੀ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਨੂੰ ਨਿਆਂਪਾਲਿਕਾ ‘ਤੇ ਪੂਰਾ ਭਰੋਸਾ ਹੈ ਪਰ ਜਦੋਂ ਤੱਕ ਇਸ ਕੇਸ ਦੀ ਸੁਣਵਾਈ ਅਦਾਲਤ ਵਿੱਚ ਚੱਲੇਗੀ, ਉਦੋਂ ਤੱਕ ਕਾਰਜਕਾਰੀ ਚੀਫ਼ ਜਸਟਿਸ ਨੂੰ ਲੰਮੀ ਛੁੱਟੀ ‘ਤੇ ਭੇਜਿਆ ਜਾਵੇ ਤਾਂ ਕੋਰਟ ਦੀ ਕਾਰਵਾਈ ਪ੍ਰਭਾਵਿਤ ਨਾ ਹੋਵੇ।
ਸਿੱਪੀ ਦੀ ਮਾਂ ਅਤੇ ਛੋਟੇ ਭਰਾ ਨੇ ਕਿਹਾ ਕਿ ਉਹ ਪਹਿਲੇ ਦਿਨ ਤੋਂ ਕਹਿੰਦੇ ਆ ਰਹੇ ਹਨ ਕਿ ਇਸ ਹੱਤਿਆਕਾਂਡ ਵਿੱਚ ਉਸ (ਸਿੱਪੀ ਸਿੱਧੂ) ਦੀ ਦੋਸਤ ਅਤੇ ਜੱਜ ਦੀ ਧੀ ਦਾ ਹੱਥ ਹੈ ਪਰ ਯੂਟੀ ਪੁਲੀਸ ਨੇ ਜੱਜ ਦੀ ਧੀ ਨੂੰ ਗ੍ਰਿਫਤਾਰ ਨਹੀਂ ਕੀਤਾ। ਇਸ ਕਾਰਨ ਇਹ ਮਾਮਲਾ ਪੁਲੀਸ ਦੀਆਂ ਫਾਈਲਾਂ ਵਿੱਚ ਦਫ਼ਨ ਹੋ ਗਿਆ ਪਰ ਪਰਿਵਾਰ ਨੇ ਹੌਸਲਾ ਨਹੀਂ ਹਾਰਿਆ। ਬਾਅਦ ਵਿੱਚ 22 ਜਨਵਰੀ 2016 ਨੂੰ ਇਹ ਕੇਸ ਸੀਬੀਆਈ ਦੇ ਸਪੁਰਦ ਕੀਤਾ ਗਿਆ ਪਰ ਹੁਣ ਕਰੀਬ ਪੌਣੇ ਸੱਤ ਬਾਅਦ ਜੱਜ ਦੀ ਧੀ ਕਲਿਆਣੀ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕਲਿਆਣੀ ਪੋਸਟ ਗਰੈਜੂਏਟ ਸਰਕਾਰੀ ਕਾਲਜ (ਲੜਕੀਆਂ) ਸੈਕਟਰ-42 ਵਿੱਚ ਪ੍ਰੋਫੈਸਰ ਹੈ।
ਕਰੀਬ ਸੱਤ ਸਾਲ ਪਹਿਲਾਂ ਸਿੱਪੀ ਸਿੱਧੂ ਦਾ ਚੰਡੀਗੜ੍ਹ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਯੂਟੀ ਪੁਲੀਸ ਨੇ 20 ਸਤੰਬਰ 2015 ਨੂੰ ਚੰਡੀਗੜ੍ਹ ਦੇ ਸੈਕਟਰ-27 ਦੇ ਪਾਰਕ ‘ਚੋਂ ਲਾਸ਼ ਬਰਾਮਦ ਕੀਤੀ ਗਈ ਸੀ।