ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਅਕਤੂਬਰ
ਇੱਥੋਂ ਦੇ ਸੈਕਟਰ-43 ਸਥਿਤ ਜ਼ਿਲ੍ਹਾ ਅਦਾਲਤ ਨੇ ਹੈਰੀਟੇਜ ਫਰਨੀਚਰ ਚੋਰੀ ਕਰਨ ਦੇ ਮਾਮਲੇ ਵਿੱਚ 2 ਔਰਤਾਂ ਸਣੇ 6 ਵਿਅਕਤੀਆਂ ਨੂੰ ਬਰੀ ਕਰ ਦਿੱਤਾ ਹੈ। ਇਨ੍ਹਾਂ ’ਚ ਸੈਕਟਰ-25 ’ਚ ਰਹਿਣ ਵਾਲੇ ਸੁਨੀਲ ਕੁਮਾਰ, ਅਨਿਲ ਕੁਮਾਰ, ਰਾਜੇਸ਼ ਕੁਮਾਰ, ਸਕੀਲਾ, ਊਸ਼ਾ ਅਤੇ ਫਕੀਰ ਚੰਦ ਵਾਸੀ ਕਾਂਸਲ ਦੇ ਨਾਮ ਸ਼ਾਮਲ ਹਨ। ਇਹ ਕੇਸ ਸੈਕਟਰ-3 ਦੀ ਪੁਲੀਸ ਨੇ ਸਰਕਾਰੀ ਕਾਲਜ ਆਫ ਆਰਟਸ ਦੇ ਜੂਨੀਅਰ ਸਹਾਇਕ ਵਿਨੋਦ ਕੁਮਾਰ ਦੀ ਸ਼ਿਕਾਇਤ ’ਤੇ ਸਾਲ 2016 ਵਿੱਚ ਦਰਜ ਕੀਤਾ ਸੀ। ਪੁਲੀਸ ਅਨੁਸਾਰ ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ 18 ਜਨਵਰੀ 2016 ਨੂੰ ਰਾਤ 11 ਵਜੇ ਹੈਰੀਟੇਜ ਫਰਨੀਚਰ ਵਾਲੇ ਕਮਰੇ ਦਾ ਨਿਰੀਖਣ ਕਰ ਕੇ ਆਇਆ ਤਾਂ ਤਾਲਾ ਲੱਗਿਆ ਹੋਇਆ ਸੀ ਪਰ 19 ਜਨਵਰੀ ਨੂੰ ਸਵੇਰੇ 5.30 ਵਜੇ ਪਹੁੰਚਿਆ ਤਾਂ ਕਮਰੇ ਦਾ ਤਾਲਾ ਟੁੱਟਿਆ ਹੋਇਆ ਸੀ। ਕਮਰੇ ਦੀ ਚੈਕਿੰਗ ਕਰਨ ’ਤੇ ਸਾਹਮਣੇ ਆਇਆ ਕਿ 15 ਹੈਰੀਟੇਜ ਸੋਫਾ ਕੁਰਸੀ ਤੇ ਲੱਕੜ ਦਾ ਟੇਬਲ ਗਾਇਬ ਸੀ। ਇਸ ਬਾਰੇ ਸੈਕਟਰ-3 ਦੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ।
ਇਸ ਦੌਰਾਨ ਪੁਲੀਸ ਨੇ ਕੁਝ ਹੈਰੀਟੇਜ ਸਾਮਾਨ ਦੀ ਬਰਾਮਦਗੀ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਸੈਕਟਰ-43 ਸਥਿਤ ਜ਼ਿਲ੍ਹਾ ਅਦਾਲਤ ਵਿੱਚ ਕੇਸ ਦੀ ਸੁਣਵਾਈ ਹੋਈ, ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ 6 ਜਣਿਆਂ ਨੂੰ ਬਰੀ ਕਰ ਦਿੱਤਾ ਹੈ।