ਆਤਿਸ਼ ਗੁਪਤਾ
ਚੰਡੀਗੜ੍ਹ, 7 ਸਤੰਬਰ
ਇੱਥੋਂ ਦੇ ਸੈਕਟਰ 27 ’ਚ ਸਥਿਤ ਘਰ ਵਿੱਚ ਦਾਖ਼ਲ ਹੋ ਕੇ ਤਿੰਨ ਹਥਿਆਰਬੰਦ ਲੁਟੇਰੇ ‘ਮਿਸ ਇੰਡੀਆ ਅਰਥ’ ਅਲੰਕ੍ਰਿਤਾ ਸਹਾਏ ਤੋਂ 6 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸੈਕਟਰ 26 ਦੀ ਪੁਲੀਸ ਘਟਨਾ ਵਾਲੀ ਥਾਂ ’ਤੇ ਪੁੱਜੀ ਤੇ ਜਾਂਚ ਸ਼ੁਰੂ ਕਰ ਦਿੱਤੀ। ਮੁੱਢਲੀ ਜਾਂਚ ਦੌਰਾਨ ਪੁਲੀਸ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਖੰਘਾਲ ਰਹੀ ਹੈ। ਜਾਣਕਾਰੀ ਮੁਤਾਬਕ ਸ਼ਾਮ ਸਮੇਂ ਤਿੰਨ ਨੌਜਵਾਨ ਘਰ ਵਿੱਚ ਦਾਖ਼ਲ ਹੋਏ ਜੋ ਚਾਕੂ ਵਿਖਾ ਕੇ ਘਰ ਵਿੱਚੋਂ 6 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ ਲੁਟੇਰਿਆਂ ਨੇ ਉਸ ਤੋਂ ਏਟੀਐੱਮ ਕਾਰਡ ਵੀ ਮੰਗਿਆ।
ਇੱਕ ਲੁਟੇਰਾ ਰੁਪਏ ਕੱਢਣ ਚਲਾ ਗਿਆ ਜਦਕਿ ਦੋ ਘਰ ਵਿੱਚ ਹੀ ਬੈਠੇ ਰਹੇ। ਇੰਨੇ ਵਿੱਚ ਪੀੜਤਾ ਪਾਣੀ ਪੀਣ ਦਾ ਬਹਾਨਾ ਬਣਾ ਕੇ ਘਰੋਂ ਭੱਜਣ ’ਚ ਸਫ਼ਲ ਹੋ ਗਈ ਜਿਸ ਨੇ ਬਾਹਰ ਆ ਕੇ ਸ਼ੋਰ ਮਚਾਇਆ ਜਿਸ ’ਤੇ ਲੁਟੇਰੇ ਘਰ ਵਿੱਚੋਂ ਫ਼ਰਾਰ ਹੋ ਗਏ। ਥਾਣਾ ਸੈਕਟਰ-26 ਦੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।