ਕੁਲਦੀਪ ਸਿੰਘ
ਚੰਡੀਗੜ੍ਹ, 25 ਜਨਵਰੀ
ਪੰਜਾਬ ਯੂਨੀਵਰਸਿਟੀ ਵਿੱਚ ਅੱਜ ਉਸ ਸਮੇਂ ਵਾਈਸ ਚਾਂਸਲਰ ਅਤੇ ਡੀਨ ਯੂਨੀਵਰਸਿਟੀ ਇੰਸਟਰੱਕਸ਼ਨਜ਼ ਦਫ਼ਤਰ ਅੱਗੇ ਨਾਅਰੇਬਾਜ਼ੀ ਸ਼ੁਰੂ ਹੋ ਗਈ ਜਦੋਂ ’ਵਰਸਿਟੀ ਨਾਲ ਸਬੰਧਿਤ ਰੀਜਨਲ ਸੈਂਟਰਾਂ ਤੋਂ ਪੀਯੂ ਵਿਖੇ ਤਰੱਕੀਆਂ ਦੀ ਸਕਰੀਨਿੰਗ ਲਈ ਪਹੁੰਚੇ ਲੈਬਾਰਟਰੀ ਸਹਾਇਕਾਂ ਦੀ ਅਥਾਰਿਟੀ ਨੇ ਅੱਜ ਬਾਅਦ ਦੁਪਹਿਰ ਮੁੜ ਸਕਰੀਨਿੰਗ ਮੁਲਤਵੀ ਕਰ ਦਿੱਤੀ।
ਪੰਜਾਬ ਯੂਨੀਵਰਸਿਟੀ ਨਾਨ-ਟੀਚਿੰਗ ਐਂਪਲਾਈਜ਼ ਫੈਡਰੇਸ਼ਨ ਦੇ ਪ੍ਰਧਾਨ ਹਨੀ ਠਾਕੁਰ, ਜਨਰਲ ਸਕੱਤਰ ਬਲਜਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਦੀਪਕ ਸ਼ਰਮਾ ਆਦਿ ਨੇ ਕਿਹਾ ਕਿ ਪੀਯੂ ਅਥਾਰਿਟੀ ਨੇ ਪਿਛਲੇ ਸਾਲ ਜੁਲਾਈ ਵਿੱਚ ਉਕਤ ਤਰੱਕੀਆਂ ਲਈ ਸਕਰੀਨਿੰਗ ਕਿਸੇ ਕਾਰਨਾਂ ਕਰਕੇ ਮੁਲਤਵੀ ਕੀਤੀ ਸੀ ਅਤੇ ਅੱਜ ਬਾਅਦ ਦੁਪਹਿਰ 3 ਵਜੇ ਦਾ ਸਮਾਂ ਸਕਰੀਨਿੰਗ ਲਈ ਰੱਖਿਆ ਗਿਆ ਸੀ। ਹੁਸ਼ਿਆਰਪੁਰ, ਮੁਕਤਸਰ, ਲੁਧਿਆਣਾ ਆਦਿ ਰੀਜਨਲ ਸੈਂਟਰਾਂ ਤੋਂ 28 ਲੈਬਾਰਟਰੀ ਸਹਾਇਕ ਪਹੁੰਚੇ ਹੋਏ ਸਨ, ਜਿਨ੍ਹਾਂ ਦੀ ਪ੍ਰਬੰਧਕੀ ਕੰਪਲੈਕਸ ਸਥਿਤ ਸੈਨੇਟ ਹਾਲ ਵਿੱਚ ਸਕਰੀਨਿੰਗ ਹੋਣੀ ਸੀ। ਲਗਪਗ 3:05 ਵਜੇ ਸਕਰੀਨਿੰਗ ਅੱਜ ਫਿਰ ਤੋਂ ਮੁਲਤਵੀ ਕਰ ਦਿੱਤੀ ਗਈ ਹੈ। ਸੂਤਰਾਂ ਦੀ ਮੰਨੀਏ ਤਾਂ ਅੱਜ ਦੀ ਸਕਰੀਨਿੰਗ ਡੀਨ ਯੂਨੀਵਰਸਿਟੀ ਇੰਸਟਰੱਕਸ਼ਨਜ਼ ਦੇ ਜ਼ੁਬਾਨੀ ਹੁਕਮਾਂ ਉਤੇ ਮੁਲਤਵੀ ਕੀਤੀ ਗਈ। ਪ੍ਰੇਸ਼ਾਨ ਹੋਏ ਸਹਾਇਕਾਂ ਨੇ ਵਾਈਸ ਚਾਂਸਲਰ ਦਫ਼ਤਰ ਦੇ ਬਾਹਰ ਪਹੁੰਚ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਫੈਡਰੇਸ਼ਨ ਦੇ ਪ੍ਰਧਾਨ ਹਨੀ ਠਾਕੁਰ ਨੇ ਕਿਹਾ ਕਿ ਪੀਯੂ ਪ੍ਰਸ਼ਾਸਨ ਵੱਲੋਂ ਨਾਨ-ਟੀਚਿੰਗ ਸਟਾਫ਼ ਨਾਲ ਦੁਰਵਿਹਾਰ ਕੀਤਾ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨੈੱਟ ਪਾਸ ਕਰ ਚੁੱਕੇ ਅਤੇ ਐਮ.ਲਬਿ. ਪਾਸ ਕਰ ਚੁੱਕੇ ਇਨ੍ਹਾਂ ਲੈਬ-ਸਹਾਇਕਾਂ ਨਾਲ ਪੀ.ਯੂ. ਪ੍ਰਸ਼ਾਸਨ ਵੱਲੋਂ ਕੀਤਾ ਜਾਂਦਾ ਦੁਰਵਿਹਾਰ ਗਲਤ ਹੈ ਜਿਸ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਜਾਂਦੀ ਹੈ।