ਹਰਜੀਤ ਸਿੰਘ
ਡੇਰਾਬੱਸੀ, 26 ਅਕਤੂਬਰ
ਇੱਥੋਂ ਦੀ ਹੈਬਤਪੁਰ ਰੋਡ ’ਤੇ ਸਥਿਤ ਗੁਲਮੋਹਰ ਸਿਟੀ ਅਪਾਰਟਮੈਂਟ ਵਿੱਚ ਅੱਜ ਅਵਾਰਾ ਕੁੱਤਿਆਂ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ। ਕੱਲ੍ਹ ਸੁਸਾਇਟੀ ਵਿੱਚ ਇਕ ਅਵਾਰਾ ਕੁੱਤੇ ਵੱਲੋਂ ਇਕ ਵਿਅਕਤੀ ਨੂੰ ਵੱਢ ਲਏ ਜਾਣ ਮਗਰੋਂ ਸੁਸਾਇਟੀ ਵਿੱਚ ਇਹ ਹੰਗਾਮਾ ਹੋਇਆ।
ਸੁਸਾਇਟੀ ਵਾਸੀਆਂ ਨੇ ਦੋਸ਼ ਲਾਇਆ ਕਿ ਇੱਥੇ ਰਹਿੰਦੀ ਇਕ ਔਰਤ ਦਾ ਕੁੱਤਿਆਂ ਪ੍ਰਤੀ ਲਗਾਓ ਉਨ੍ਹਾਂ ਨੂੰ ਕਾਫੀ ਮਹਿੰਗਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਉਕਤ ਔਰਤ ਅਵਾਰਾ ਕੁੱਤਿਆਂ ਨੂੰ ਰੋਟੀ ਤੇ ਹੋਰ ਖਾਣ-ਪੀਣ ਦਾ ਸਾਮਾਨ ਦਿੰਦੀ ਰਹਿੰਦੀ ਹੈ, ਜਿਸ ਕਰ ਕੇ ਸੁਸਾਇਟੀ ਵਿੱਚ ਇਕੱਠੇ ਹੋਏ ਕੁੱਤੇ ਆਏ ਦਿਨ ਕਿਸੇ ਨਾ ਕਿਸੇ ਨੂੰ ਵੱਢ ਲੈਂਦੇ ਹਨ। ਇਸ ਬਾਰੇ ਉਹ ਕਈ ਵਾਰ ਔਰਤ ਨੂੰ ਸੁਸਾਇਟੀ ਤੋਂ ਬਾਹਰ ਜਾ ਕੇ ਇਨ੍ਹਾਂ ਕੁੱਤਿਆਂ ਨੂੰ ਰੋਟੀ ਵਗੈਰ੍ਹਾ ਪਾਊਣ ਬਾਰੇ ਆਖ ਚੁੱਕੇ ਹਨ ਪਰ ਇਸ ਦੇ ਬਾਵਜੂਦ ਉਹ ਰੋਜ਼ਾਨਾ ਵੱਡੀ ਗਿਣਤੀ ਅਵਾਰਾ ਕੁੱਤੇ ਇਕੱਤਰ ਕਰ ਲੈਂਦੀ ਹੈ। ਜਦੋਂ ਉਸ ਨੂੰ ਲੋਕ ਮਨਾਂ ਕਰਦੇ ਹਨ ਤਾਂ ਉਹ ਉਨ੍ਹਾਂ ਨਾਲ ਲੜ ਪੈਂਦੀ ਹੈ। ਅੱਜ ਸੁਸਾਇਟੀ ਵਿੱਚ ਹੰਗਾਮਾ ਐਨਾ ਵਧ ਗਿਆ ਕਿ ਲੋਕਾਂ ਨੂੰ ਪੁਲੀਸ ਨੂੰ ਸੱਦਣਾ ਪਿਆ। ਪੁਲੀਸ ਨੇ ਦੋਹਾਂ ਧਿਰਾਂ ਨੂੰ ਮਾਮਲੇ ਦੀ ਜਾਂਚ ਕਰ ਕੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਸ਼ਾਂਤ ਕੀਤਾ। ਅਪਾਰਟਮੈਂਟ ਵਾਸੀਆਂ ਨੇ ਕਿਹਾ ਕਿ ਉਹ ਮੁਸ਼ਕਿਲ ਨਾਲ ਅਵਾਰਾ ਕੁੱਤਿਆਂ ਨੂੰ ਸੁਸਾਇਟੀ ਵਿੱਚੋਂ ਬਾਹਰ ਕੱਢਦੇ ਹਨ ਪਰ ਸੁਸਾਇਟੀ ਵਿੱਚ ਰਹਿਣ ਵਾਲੀ ਇਹ ਔਰਤ ਮੁੜ ਤੋਂ ਕੁੱਤੇ ਇਕੱਤਰ ਕਰ ਲੈਂਦੀ ਹੈ। ਜੇਕਰ ਊਸ ਨੂੰ ਅਜਿਹਾ ਕਰਨ ਤੋਂ ਮਨਾਂ ਕਰਦੇ ਹਨ ਤਾਂ ਉਹ ਜਾਨਵਰਾਂ ਦੀ ਸੁਰੱਖਿਆ ਲਈ ਬਣਾਏ ਕਾਨੂੰਨਾਂ ਦਾ ਡਰ ਦਿਖਾ ਕੇ ਊਹ ਕਾਰਵਾਈ ਕਰਨ ਦੀ ਧਮਕੀ ਦਿੰਦੀ ਹੈ।
ਦੂਜੇ ਪਾਸੇ ਕੁੱਤਿਆਂ ਦੀ ਦੇਖਭਾਲ ਕਰਨ ਵਾਲੀ ਔਰਤ ਨੇ ਕਿਹਾ ਕਿ ਉਹ ਕਿਸੇ ਵੀ ਕੁੱਤੇ ਨੂੰ ਭੁੱਖਾ ਨਹੀਂ ਦੇਖ ਸਕਦੀ। ਉਸ ਨੂੰ ਜਿੱਥੇ ਵੀ ਕੋਈ ਕੁੱਤਾ ਮਿਲਦਾ ਹੈ ਤਾਂ ਉਹ ਉਸ ਨੂੰ ਖਾਣਾ ਦੇ ਦਿੰਦੀ ਹੈ ਜਿਸ ਕਾਰਨ ਕੁੱਤੇ ਉਸ ਦੇ ਘਰ ਦੇ ਬਾਹਰ ਆ ਜਾਂਦੇ ਹਨ ਪਰ ਸੁਸਾਇਟੀ ਵਾਸੀ ਉਸ ਨੂੰ ਅਜਿਹਾ ਕਰਨ ਤੋਂ ਰੋਕਦੇ ਹਨ। ਉਸ ਨੇ ਦੋਸ਼ ਲਾਇਆ ਕਿ ਸੁਸਾਇਟੀ ਵਾਸੀਆਂ ਨੇ ਉਸ ਨਾਲ ਝਗੜਾ ਕੀਤਾ ਅਤੇ ਉਸ ਨਾਲ ਕੁੱਟਮਾਰ ਕੀਤੀ। ਮੌਕੇ ’ਤੇ ਪੁੱਜੇ ਏਐੱਸਆਈ ਮੇਵਾ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਮਗਰੋਂ ਕਾਰਵਾਈ ਕੀਤੀ ਜਾਵੇਗੀ।