ਪੱਤਰ ਪ੍ਰੇਰਕ
ਚੰਡੀਗੜ੍ਹ, 22 ਅਪਰੈਲ
ਸਿਟੀ ਬਿਊਟੀਫੁੱਲ ਚੰਡੀਗੜ੍ਹ ਨੂੰ ਮਾਡਲ ਸੋਲਰ ਸਿਟੀ ਵਜੋਂ ਵਿਕਸਿਤ ਕਰਨ ਦੇ ਮਕਸਦ ਨਾਲ ਕੀਤੇ ਜਾ ਰਹੇ ਯਤਨਾਂ ਸਦਕਾ ਅੱਜ ਕੌਮਾਂਤਰੀ ਧਰਤੀ ਦਿਵਸ ਮੌਕੇ ਮਾਡਲ ਜੇਲ੍ਹ ਕੰਪਲੈਕਸ ਸੈਕਟਰ-51, ਚੰਡੀਗੜ੍ਹ ਵਿਚ 350 ਕੇਡਬਲਿਯੂਪੀ ਸਮਰੱਥਾ ਵਾਲਾ ਰੂਫਟਾਪ ਪਾਵਰ ਪਲਾਂਟ ਸਥਾਪਿਤ ਕੀਤਾ ਗਿਆ। ਪਲਾਂਟ ਦਾ ਉਦਘਾਟਨ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਵੱਲੋਂ ਡੀਜੀਪੀ ਪ੍ਰਵੀਰ ਰੰਜਨ, ਗ੍ਰਹਿ ਸਕੱਤਰ ਨਿਤਿਨ ਕੁਮਾਰ ਯਾਦਵ ਅਤੇ ਸਕੱਤਰ ਸਾਇੰਸ ਐਂਡ ਟੈਕਨਾਲੋਜੀ ਦੇਬੇਂਦਰਾ ਦਲਾਈ ਆਦਿ ਦੀ ਮੌਜੂਦਗੀ ਵਿੱਚ ਕੀਤਾ ਗਿਆ।
ਸਲਾਹਕਾਰ ਨੇ ਦੱਸਿਆ ਕਿ ‘ਸਾਡੇ ਗ੍ਰਹਿ ਵਿੱਚ ਨਿਵੇਸ਼’ ਥੀਮ ਤਹਿਤ ਵਿਸ਼ਵ ਧਰਤੀ ਦਿਵਸ ਮਨਾਉਣ ਲਈ ਵਿਗਿਆਨ ਤੇ ਤਕਨਾਲੋਜੀ ਅਤੇ ਨਵਿਆਉਣਯੋਗ ਊਰਜਾ ਵਿਭਾਗ, ਚੰਡੀਗੜ੍ਹ ਵੱਲੋਂ ਊਰਜਾ ਪੱਖੋਂ ਇਹ ਇੱਕ ਹੋਰ ਪਹਿਲਕਦਮੀ ਕੀਤੀ ਗਈ ਹੈ। ਚੰਡੀਗੜ੍ਹ ਨੂੰ ਹਰਿਆ-ਭਰਿਆ ਸ਼ਹਿਰ ਬਣਾਉਣ ਲਈ ਸੂਰਜੀ ਊਰਜਾ ਨੂੰ ਉਤਸ਼ਾਹਿਤ ਕਰਨ ਵਾਸਤੇ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕਰਨੀ ਬਣਦੀ ਹੈ। ਉਨ੍ਹਾਂ ਜੇਲ੍ਹ ਦੇ ਅਹਾਤੇ ਵਿੱਚ ਐਸਪੀਵੀ ਪਾਵਰ ਪ੍ਰਾਜੈਕਟਾਂ ਲਈ ਉਪਲਬਧ ਸਾਰੀਆਂ ਸੰਭਾਵੀ ਛੱਤਾਂ ਤੇ ਹੋਰ ਥਾਵਾਂ ਵੀ ਲੱਭਣ ਲਈ ਲੋੜੀਂਦੀ ਕਾਰਵਾਈ ਸ਼ੁਰੂ ਕਰਨ ਲਈ ਕਿਹਾ ਤਾਂ ਜੋ ਮਾਡਲ ਜੇਲ੍ਹ ਚੰਡੀਗੜ੍ਹ ਆਉਂਦੇ ਤਿੰਨ ਮਹੀਨਿਆਂ ਵਿੱਚ ਊਰਜਾ ਸਰਪਲੱਸ ਬਣ ਜਾਵੇ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਪਲਾਂਟ ਮਾਡਲ ਜੇਲ੍ਹ ਦੇ ਬਾਹਰੀ ਪਾਰਕਿੰਗ ਖੇਤਰ ਵਿੱਚ ਕੁੱਲ 1.78 ਕਰੋੜ ਰੁਪਏ ਦੀ ਲਾਗਤ ਨਾਲ ਲਗਾਇਆ ਗਿਆ ਹੈ। ਪ੍ਰਾਜੈਕਟ ਨੂੰ ਚੰਡੀਗੜ੍ਹ ਨਵਿਆਉਣਯੋਗ ਸਾਇੰਸ ਤੇ ਤਕਨਾਲੋਜੀ ਪ੍ਰਮੋਸ਼ਨ ਸੁਸਾਇਟੀ, ਯੂਟੀ ਚੰਡੀਗੜ੍ਹ ਵੱਲੋਂ ਡਿਜ਼ਾਈਨ ਕੀਤਾ ਗਿਆ ਹੈ। ਇਹ ਪਲਾਂਟ ਪ੍ਰਤੀ ਸਾਲ ਘੱਟੋ-ਘੱਟ 4,20,000 ਯੂਨਿਟ ਪੈਦਾ ਕਰੇਗਾ।