ਆਤਿਸ਼ ਗੁਪਤਾ
ਚੰਡੀਗੜ੍ਹ, 8 ਜੁਲਾਈ
ਚੰਡੀਗੜ੍ਹ ਤੇ ਆਲੇ-ਦੁਆਲੇ ਇਲਾਕਿਆਂ ਵਿੱਚ ਪੈ ਰਹੇ ਮੀਂਹ ਨੇ ਮੌਸਮ ਖੁਸ਼ਗਵਾਰ ਕਰ ਦਿੱਤਾ ਹੈ। ਮੀਂਹ ਨਾਲ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਕਰਕੇ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ। ਜਾਣਕਾਰੀ ਅਨੁਸਾਰ ਸੈਕਟਰ 19 ਵਿੱਚ ਕਾਰ ’ਤੇ ਦਰੱਖਤ ਡਿੱਗ ਗਿਆ। ਇਸੇ ਤਰ੍ਹਾਂ ਸੈਕਟਰ 9 ਸਥਿਤ ਪੁਲੀਸ ਹੈੱਡਕੁਆਰਟਰ ਦੀ ਬਿਲਡਿੰਗ ’ਚ ਵੀ ਦਰੱਖਤ ਡਿੱਗਣ ਦੀ ਸੂਚਨਾ ਮਿਲੀ ਹੈ। ਹਾਲਾਂਕਿ ਇਸ ਦੌਰਾਨ ਕਿਸੇ ਕਿਸਮ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਮੌਸਮ ਵਿਭਾਗ ਨੇ 9 ਤੋਂ 12 ਜੁਲਾਈ ਤੱਕ ਸ਼ਹਿਰ ਵਿੱਚ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੋਹਲੇਧਾਰ ਮੀਂਹ ਕਰਕੇ ਹੇਠਲੇ ਇਲਾਕੇ ਪਾਣੀ ਵਿੱਚ ਡੁੱਬ ਗਏ। ਸੈਕਟਰ 25 ਸਥਿਤ ਝੁੱਗੀਆਂ ਵਿੱਚ ਪਾਣੀ ਭਰ ਗਿਆ। ਪਿੰਡ ਦੜੂਆ, ਮਨੀਮਾਜਰਾ, ਫੈਦਾ, ਕਜਹੇੜੀ, ਮੱਖਣਮਾਜਰਾ, ਹੱਲੋਮਾਜਰਾ, ਰਾਮ ਦਰਬਾਰ, ਧਨਾਸ, ਸਾਰੰਗਪੁਰ ਸਣੇ ਕਈ ਹੋਰ ਪਿੰਡਾਂ ਵਿੱਚ ਪਾਣੀ ਭਰ ਗਿਆ ਹੈ। ਸੈਕਟਰ 35 ਸਥਿਤ ਇੱਕ ਹੋਟਲ ਦੀ ਬੇਸਮੈਂਟ ’ਚ ਪਾਣੀ ਭਰ ਗਿਆ। ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ’ਚ 90 ਐੱਮਐੱਮ ਮੀਂਹ ਪਿਆ।
ਐਸ.ਏ.ਐਸ. ਨਗਰ (ਮੁਹਾਲੀ) (ਦਰਸ਼ਨ ਸਿੰਘ ਸੋਢੀ): ਇੱਥੇ ਮੀਂਹ ਕਾਰਨ ਸ਼ਹਿਰ ਵਾਸੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਭ ਤੋਂ ਜ਼ਿਆਦਾ ਮਾਰ ਫੇਜ਼-11 ਨੂੰ ਪਈ। ਸਾਬਕਾ ਕੌਂਸਲਰ ਸੁਖਮਿੰਦਰ ਸਿੰਘ ਬਰਨਾਲਾ, ਰਣਜੀਤ ਸਿੰਘ ਸੈਣੀ, ਐਡਵੋਕੇਟ ਰਾਮ ਕੁਮਾਰ ਚੌਹਾਨ, ਗੁਰਮੇਲ ਸਿੰਘ ਮੌਜੇਵਾਲ, ਰਮਣੀਕ ਸਿੰਘ, ਰਘਬੀਰ ਸਿੰਘ, ਸੋਨੀਆ ਸੰਧੂ, ਮੋਹਿਤ ਅਹੂਜਾ ਸਮੇਤ ਹੋਰਨਾਂ ਨੇ ਕਿਹਾ ਕਿ ਉਹ ਤਿੰਨ ਦਹਾਕਿਆਂ ਤੋਂ ਬਰਸਾਤੀ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਬਾਰਿਸ਼ ਦਾ ਪਾਣੀ ਕਈ ਲੋਕਾਂ ਦੇ ਘਰਾਂ ਵਿੱਚ ਦਾਖ਼ਲ ਹੋ ਗਿਆ। ਫੇਜ਼-2, ਫੇਜ਼-4, ਫੇਜ਼-7, ਲਾਲ ਬੱਤੀ ਚੌਕ, ਚਾਵਲਾ ਹਸਪਤਾਲ ਤੋਂ ਸੈਕਟਰ-70 ਤੇ ਸੈਕਟਰ 71 ਜਾਂਦੀ ਸੜਕ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਪਾਣੀ ਜਮ੍ਹਾਂ ਹੋ ਗਿਆ ਅਤੇ ਕਈ ਥਾਵਾਂ ’ਤੇ ਦੁਕਾਨਾਂ ਦੇ ਬੋਰਡ ਅਤੇ ਦਰੱਖਤ ਟੁੱਟ ਕੇ ਡਿੱਗਣ ਕਾਰਨ ਬਿਜਲੀ ਗੁੱਲ ਹੋ ਗਈ। ਆਸ਼ੂ ਵੈਦ ਨੇ ਦੱਸਿਆ ਕਿ ਪਿੰਡ ਮਟੌਰ ਅਤੇ ਸੈਕਟਰ-70 ਵਿੱਚ ਕਾਫ਼ੀ ਥਾਵਾਂ ’ਤੇ ਮੀਂਹ ਦਾ ਪਾਣੀ ਜਮ੍ਹਾਂ ਹੋ ਗਿਆ। ਡੀਪਲਾਸਟ ਚੌਕ ਤੋਂ ਮਦਨਪੁਰ ਸੜਕ, ਪੀਟੀਐੱਲ ਚੌਕ ਅਤੇ ਪੀਸੀਐੱਲ ਚੌਕ ਤੇ ਸਨਅਤੀ ਏਰੀਏ ਵਿੱਚ ਮੀਂਹ ਦਾ ਪਾਣੀ ਭਰ ਗਿਆ।
ਪੰਚਕੂਲਾ (ਪੀ.ਪੀ. ਵਰਮਾ): ਇੱਥੇ ਪਏ ਮੀਂਹ ਨੇ ਜਨ-ਜੀਵਨ ਠੱਪ ਕਰ ਦਿੱਤਾ। ਸੈਕਟਰ-20 ਦੀਆਂ ਸੁਸਾਇਟੀਆਂ ਅਤੇ ਸੈਕਟਰ-19 ਦੇ ਹਾਊਸਿੰਗ ਬੋਰਡ ਦੇ ਮਕਾਨਾਂ ਵਿੱਚ ਮੀਂਹ ਦਾ ਪਾਣੀ ਵੜ ਗਿਆ। ਸੈਕਟਰ-20 ਦੀਆਂ ਸੁਸਾਇਟੀਆਂ ਵਿੱਚ ਭਾਰੀ ਬਰਸਾਤ ਕਾਰਨ ਸੀਵਰੇਜ ਓਵਰਫਲੋਅ ਹੋ ਗਏ। ਮੀਂਹ ਕਾਰਨ ਕੁਸ਼ੱਲਿਆ ਨਦੀ, ਸੀਸਵਾਂ ਨਦੀ ਅਤੇ ਘੱਗਰ ਨਦੀ ਪੂਰੀ ਤਰ੍ਹਾਂ ਚੜ੍ਹੀ ਰਹੀ। ਪੰਚਕੂਲਾ ਦੇ ਤਵਾ ਚੌਕ, ਸੈਕਟਰ-17/18 ਚੌਕ, ਲੇਬਰ ਚੌਕ, ਸੈਕਟਰ-20 ਦਾ ਟੀ-ਪੁਆਇੰਟ, ਸ਼ਕਤੀ ਭਵਨ ਚੌਕ ਬਰਸਾਤੀ ਪਾਣੀ ਨਾਲ ਭਰਿਆ ਰਿਹਾ। ਇਸ ਪਾਣੀ ਕਾਰਨ ਲੋਕਾਂ ਦੇ ਵਾਹਨ ਪਾਣੀ ਵਿੱਚ ਫਸ ਗਏ।
ਖਰੜ (ਸ਼ਸ਼ੀ ਪਾਲ ਜੈਨ): ਮੀਂਹ ਕਾਰਨ ਲਾਂਡਰਾ ਰੋਡ, ਸ਼ਿਵਾਲਿਕ ਸਿਟੀ, ਆਰਿਆ ਕਾਲਜ ਰੋਡ, ਕਿਲਾ ਕੰਪਲੈਕਸ, ਗਿਲਕੋ ਵੈਲੀ, ਆਨੰਦ ਨਗਰ, ਓਮ ਐਨਕਲੇਵ, ਸਨੀ ਇਨਕਲੇਵ ਅਤੇ ਛੱਜੂਮਾਜਰਾ ਰੋਡ ’ਤੇ ਪਾਣੀ ਜਮ੍ਹਾਂ ਹੋ ਗਿਆ। ਕਈ ਥਾਵਾਂ ਉੱਤੇ ਪਾਣੀ ਲੋਕਾਂ ਦੇ ਘਰਾਂ ਵਿੱਚ ਵੀ ਦਾਖ਼ਲ ਹੋ ਗਿਆ। ਆਰਿਆ ਕਾਲਜ ਰੋਡ ਅਤੇ ਸ਼ਿਵਾਲਿਕ ਸਿਟੀ ਦੇ ਵਸਨੀਕ ਪਿਛਲੇ ਕਈ ਦਹਾਕਿਆਂ ਤੋਂ ਪਾਣੀ ਦੀ ਨਿਕਾਸੀ ਸਬੰਧੀ ਪ੍ਰਬੰਧ ਕਰਨ ਦੀ ਮੰਗ ਕਰ ਰਹੇ ਹਨ ਪਰ ਅੱਜ ਤੱਕ ਹੋਇਆ ਕੁਝ ਵੀ ਨਹੀਂ। ਤਹਿਸੀਲ ਕੰਪਲੈਕਸ ਦੇ ਸਾਹਮਣੇ ਗੁਰਮੁੱਖ ਸਿੰਘ ਦੇ ਆਰੇ ਵਿੱਚ ਪਾਣੀ ਵੜ ਗਿਆ। ਉਨ੍ਹਾਂ ਦੱਸਿਆ ਕਿ ਇਸ ਦਾ ਕਾਰਨ ਚੋਈ ਦੀ ਸਫ਼ਾਈ ਨਾ ਹੋਣਾ ਹੈ।
ਕੁਰਾਲੀ (ਮਿਹਰ ਸਿੰਘ): ਵਾਰਡ ਨੰਬਰ 13 ਵਿੱਚ ਇੱਕ ਘਰ ਦੀ ਛੱਤ ਬਾਰਿਸ਼ ਕਾਰਨ ਡਿੱਗ ਪਈ ਅਤੇ ਘਰ ਢਹਿ ਢੇਰੀ ਹੋ ਗਿਆ। ਇਸ ਕਾਰਨ ਘਰ ਦਾ ਮਾਲਕ ਜ਼ਖ਼ਮੀ ਹੋ ਗਿਆ ਜਿਸਨੂੰ ਸਥਾਨਕ ਸਿਵਲ ਹਸਪਤਾਲ ਲਿਜਾਇਆ ਗਿਆ। ਇਸ ਸਬੰਧੀ ਚਰਨਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਘਰ ਵਿੱਚ ਹੀ ਸੀ ਕਿ ਰਾਤ ਦੇ ਕਰੀਬ 2 ਵਜੇ ਅਚਾਨਕ ਉਸ ਦੇ ਘਰ ਦੀ ਪਹਿਲਾਂ ਛੱਤ ਡਿੱਗ ਪਈ ਅਤੇ ਫਿਰ ਕੰਧਾਂ ਵੀ ਖਿੱਲਰ ਗਈਆਂ। ਉਸ ਨੇ ਦੱਸਿਆ ਕਿ ਉਸ ਦੇ ਸਿਰ ਅਤੇ ਸਰੀਰ ’ਤੇ ਕਾਫ਼ੀ ਸੱਟਾਂ ਲੱਗੀਆਂ ਹਨ। ਉਸਨੇ ਕਿਹਾ ਕਿ ਉਹ ਸਾਈਕਲਾਂ ਦੇ ਪੈਂਚਰ ਲਾਉਣ ਦਾ ਕੰਮ ਕਰਦਾ ਹੈ ਜਿਸ ਨਾਲ ਉਸਦੀ ਰੋਟੀ ਵੀ ਮਸਾਂ ਚੱਲਦੀ ਹੈ। ਉਸ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਉਸਦੀ ਮਦਦ ਕੀਤੀ ਜਾਵੇ ਅਤੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ।
ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਅੱਜ ਪਏ ਮੀਂਹ ਦੌਰਾਨ ਨਿਕਾਸੀ ਨਾ ਹੋਣ ਕਾਰਨ ਨਿਊ ਚੰਡੀਗੜ੍ਹ ਇਲਾਕੇ ਦੀਆਂ ਮੁੱਖ ਸੜਕਾਂ ਨੇ ਡੁੰਮਾਂ ਦਾ ਰੂਪ ਧਾਰਨ ਕਰ ਲਿਆ। ਬਿਜਲੀ ਸਪਲਾਈ ਵੀ ਕੁੱਝ ਸਮਾਂ ਠੱਪ ਰਹੀ। ਇੱਥੇ ਪਹਿਲੀ ਵਾਰ ਸਿੱਸਵਾਂ, ਪੜੌਲ, ਮੁੱਲਾਂਪੁਰ ਗਰੀਬਦਾਸ ਤੇ ਪਟਿਆਲਾ ਦੀ ਰਾਓ ਨਦੀ ਵਿੱਚ ਕਾਫ਼ੀ ਬਰਸਾਤੀ ਪਾਣੀ ਆ ਗਿਆ ਜਦਕਿ ਪਿੰਡਾਂ ਵਿੱਚ ਟੋਭੇ ਵੀ ਪਾਣੀ ਨਾਲ ਭਰ ਗਏ। ਪਿੰਡ ਬੂਥਗੜ੍ਹ ਤੋਂ ਚੰਡੀਗੜ੍ਹ ਦੇ ਪਿੰਡ ਡੱਡੂਮਾਜਰਾ ਜਾਣ ਵਾਲੀ ਮੁੱਖ ਪੀ-ਫੋਰ ਮਾਰਗ ਉੱਤੇ ਓਮੈਕਸ ਰਾਣੀਮਾਜਰਾ ਟੀ-ਪੁਆਇੰਟ ਕੋਲ ਪਿਛਲੇ ਕਾਫੀ ਸਮੇਂ ਤੋਂ ਕੱਚੀ ਸੜਕ ਹੋਣ ਕਰਕੇ ਮੀਂਹ ਦਾ ਪਾਣੀ ਸੜਕ ਵਿੱਚ ਹੀ ਖੜ੍ਹ ਗਿਆ। ਨਵਾਂ ਗਾਓਂ ਵਿੱਚ ਜਨਤਾ ਕਲੋਨੀ, ਦਸਮੇਸ਼ ਨਗਰ ਸਮੇਤ ਪਿੰਡ ਛੋਟੀ ਕਰੌਰਾਂ ਵਿੱਚ ਗਲੀਆਂ-ਸੜਕਾਂ ਵਿੱਚ ਪਾਣੀ ਖੜ੍ਹ ਗਿਆ।
ਡੇਰਾਬੱਸੀ ਵਿੱਚ ਨਿਕਾਸੀ ਪ੍ਰਬੰਧ ਹੋਏ ਫੇਲ੍ਹ
ਡੇਰਾਬੱਸੀ (ਹਰਜੀਤ ਸਿੰਘ): ਸ਼ਹਿਰ ਵਿੱਚ ਭਰਵੇਂ ਮੀਂਹ ਦੌਰਾਨ ਬਰਵਾਲਾ ਸੜਕ ’ਤੇ ਸਥਿਤ ਕੁੜਾਵਾਲਾ ਮੋੜ ’ਤੇ ਅੱਜ ਸਵਾਰੀਆਂ ਨਾਲ ਭਰਿਆ ਇੱਕ ਥ੍ਰੀ-ਵੀਲ੍ਹਰ ਪਲਟ ਗਿਆ ਜਿਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਜਦਕਿ ਥ੍ਰੀ-ਵੀਲ੍ਹਰ ਨੁਕਸਾਨਿਆ ਗਿਆ। ਜਾਣਕਾਰੀ ਅਨੁਸਾਰ ਰਾਮਲੀਲਾ ਮੈਦਾਨ, ਫਾਇਰ ਬ੍ਰਿਗੇਡ ਦੇ ਦਫਤਰ, ਮੇਨ ਬਾਜ਼ਾਰ, ਸੈਣੀ ਮੁਹੱਲੇ, ਅਕਾਲੀ ਮਾਰਕੀਟ ਸਣੇ ਹੋਰ ਥਾਵਾਂ ’ਤੇ ਪਾਣੀ ਭਰ ਗਿਆ। ਭਾਂਖਰਪੁਰ ਸੜਕ ’ਤੇ ਚੋਅ ਵਿੱਚ ਪਾਣੀ ਜ਼ਿਆਦਾ ਆਉਣ ਕਾਰਨ ਸੜਕ ਦੇ ਉੱਤੇ ਤੋਂ ਹੀ ਪਾਣੀ ਲੰਘ ਰਿਹਾ ਸੀ ਜਿਸ ਕਾਰਨ ਇੱਥੋਂ ਰਾਹ ਬੰਦ ਗਿਆ। ਡੇਰਾਬੱਸੀ ਤੋਂ ਪਿੰਡ ਜੌਲੀ ਨੂੰ ਜਾਣ ਵਾਲੀ ਸੜਕ ’ਤੇ ਰਾਹ ਵਿੱਚ ਨਾਲੇ ਵਿੱਚ ਪਾਣੀ ਵਧਣ ਕਾਰਨ ਵਾਹਨ ਚਾਲਕਾਂ ਨੂੰ ਆਪਣੀ ਜਾਨ ਜ਼ੋਖ਼ਮ ਵਿੱਚ ਪਾ ਕੇ ਲੰਘਣਾ ਪੈ ਰਿਹਾ ਸੀ। ਮੁਬਾਰਕਪੁਰ ਘੱਗਰ ਨਦੀ ਵਿੱਚ ਪਾਣੀ ਦਾ ਪੱਧਰ ਕਾਫੀ ਵਧ ਗਿਆ। ਮੁਬਾਰਕਪੁਰ ਘੱਗਰ ਨਦੀ ਵਿੱਚ ਕਾਜਵੇਅ ’ਤੇ ਭਾਰੀ ਵਾਹਨਾਂ ਦੀ ਆਮਦ ਨੂੰ ਰੋਕਣ ਲਈ ਲਾਏ ਗਏ ਬੈਰੀਕੇਡ ਵਿੱਚ ਬੱਸ ਫੱਸ ਗਈ। ਭਾਂਖਰਪੁਰ ਹਾਈਵੇਅ ਦੇ ਨਾਲ ਸਰਵਿਸ ਲੇਨ ’ਤੇ ਪਾਣੀ ਭਰ ਗਿਆ। ਦੂਜੇ ਪਾਸੇ ਮੁਬਾਰਕਪੁਰ ਰੇਲਵੇ ਅੰਡਰਪਾਸ ਵਿੱਚ ਪਾਣੀ ਭਰਨ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ। ਇਸੇ ਤਰ੍ਹਾਂ ਜ਼ੀਰਕੁਪਰ ’ਚ ਭਰਵੇਂ ਮੀਂਹ ਦੌਰਾਨ ਫਲਾਈਓਵਰਾਂ ਦੀ ਉਸਾਰੀ ਦਾ ਕੰਮ ਚਾਲੂ ਹੋਣ ਕਾਰਨ ਨਿਕਾਸੀ ਲਈ ਉਸਾਰੇ ਨਾਲੇ ਬੰਦ ਹੋ ਗਏ ਹਨ। ਲੋਕਾਂ ਨੂੰ ਪੰਜ ਮਿੰਟ ਦਾ ਸਫ਼ਰ ਤੈਅ ਕਰਨ ਲਈ ਘੰਟਿਆਂਬੱਧੀ ਪ੍ਰੇਸ਼ਾਨੀ ਝੱਲਣੀ ਪਈ। ਐਰੋਸਿਟੀ ਰੋਡ ਤੋਂ ਚੰਡੀਗੜ੍ਹ-ਅੰਬਾਲਾ ਕੌਮੀ ਸ਼ਾਹਰਾਹ ’ਤੇ ਚੜ੍ਹਦੇ ਹੋਏ ਦੋ ਤੋਂ ਤਿੰਨ ਫੁੱਟ ਤੱਕ ਪਾਣੀ ਭਰਿਆ ਹੋਇਆ ਸੀ। ਮੈਟਰੋ ਸਟੋਰ ਦੇ ਸਾਹਮਣੇ, ਪਟਿਆਲਾ ਚੌਕ, ਸਿੰਘਪੁਰਾ ਚੌਕ, ਪੰਚਕੂਲਾ ਫਲਾਈਓਵਰ ਦੇ ਹੇਠਾਂ ਮੁੱਖ ਸੜਕਾਂ ਤੋਂ ਇਲਾਵਾ ਅੰਦਰੂਨੀ ਲੋਹਗੜ੍ਹ ਰੋਡ, ਸ਼ਿਵਾਲਕ ਵਿਹਾਰ, ਭਬਾਤ ਰੋਡ, ਬਲਟਾਣਾ ਖੇਤਰ, ਢਕੋਲੀ ਖੇਤਰ, ਨਗਲਾ ਰੋਡ, ਗਾਜ਼ੀਪੁਰ ਅਤੇ ਪੀਰਮੁਛੱਲਾ ਸੜਕਾਂ ਨੇ ਛੱਪੜ ਦਾ ਰੂਪ ਧਾਰਿਆ ਹੋਇਆ ਸੀ।
ਸ੍ਰੀ ਆਨੰਦਪੁਰ ਸਾਹਿਬ: ਸਫ਼ਾਈ ਸੇਵਕ ਵਰ੍ਹਦੇ ਮੀਂਹ ’ਚ ਕਰਦੇ ਰਹੇ ਕੰਮ
ਸ੍ਰੀ ਆਨੰਦਪੁਰ ਸਾਹਿਬ (ਬੀ ਐੱਸ ਚਾਨਾ): ਇਲਾਕੇ ਵਿੱਚ ਪਏ ਭਾਰੀ ਮੀਂਹ ਨਾਲ ਸ੍ਰੀ ਆਨੰਦਪੁਰ ਸਾਹਿਬ ’ਚ ਜਲ ਥਲ ਹੋ ਗਿਆ ਅਤੇ ਸ਼ਹਿਰਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਅੱਜਪਏ ਮੀਂਹ ਕਾਰਨ ਕਚਹਿਰੀ ਰੋਡ, ਕਲਗੀਧਰ ਮਾਰਕੀਟ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਵੇਰਕਾ ਚੌਕ, ਭਗਤ ਰਵਿਦਾਸ ਚੌਕ, ਨਵੀਂ ਅਬਾਦੀ, ਮੁਹੱਲਾ ਫ਼ਤਹਿਗੜ੍ਹ ਸਾਹਿਬ, ਚੋਈ ਬਾਜ਼ਾਰ, ਵੀਆਈਪੀ ਪਾਰਕਿੰਗ ਤੋਂ ਇਲਾਵਾ ਪੰਜ ਪਿਆਰਾ ਪਾਰਕ ਨੇੜੇ, ਬਾਬਾ ਬਿਧੀ ਚੰਦ ਦੇ ਡੇਰੇ ਅੱਗੇ ਕਾਫ਼ੀ ਮਾਤਰਾ ਵਿੱਚ ਮੀਂਹ ਦਾ ਪਾਣੀ ਇਕੱਠਾ ਹੋ ਗਿਆ। ਇਸ ਤੋਂ ਇਲਾਵਾ ਸੀਵਰੇਜ ਓਵਰਫਲੋਅ ਹੋਣ ਕਾਰਨ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ ਦੇ ਐਮਰਜੈਂਸੀ ਵਾਰਡ ਦੇ ਨਜ਼ਦੀਕ ਬਰਸਾਤੀ ਪਾਣੀ ਪੁੱਜ ਗਿਆ। ਕਈ ਥਾਵਾਂ ’ਤੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਗੰਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੀ ਦਾਖਲ ਹੋ ਗਿਆ। ਦੂਜੇ ਪਾਸੇ ਸਥਾਨਕ ਉਪ ਮੰਡਲ ਮੈਜਿਸਟ੍ਰੇਟ ਮਨੀਸ਼ਾ ਰਾਣਾ ਵੱਲੋਂ ਨਿਕਾਸੀ ਲਈ ਕੌਂਸਲ ਅਤੇ ਲੋਕ ਨਿਰਮਾਣ ਵਿਭਾਗ ਨੂੰ ਦਿੱਤੀਆਂ ਹਦਾਇਤਾਂ ’ਤੇ ਕਰਮਚਾਰੀਆਂ ਵੱਲੋਂ ਪਾਣੀ ਦੀ ਨਿਕਾਸੀ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ ਤੇ ਵਰ੍ਹਦੇ ਮੀਂਹ ਵਿੱਚ ਇਹ ਕਰਮਚਾਰੀ ਕੰਮ ਕਰਦੇ ਦੇਖੇ ਗਏ।
ਸੁਖਨਾ ਝੀਲ ਦੇ ਫਲੱਡ ਗੇਟ ਖੁੱਲ੍ਹਣ ਦਾ ਖਦਸ਼ਾ
ਮੀਂਹ ਕਾਰਨ ਅੱਜ ਸੁਖਨਾ ਝੀਲ ’ਚ ਸ਼ਾਮ ਸਮੇਂ ਪਾਣੀ ਦਾ ਪੱਧਰ 1161.80 ਫੁੱਟ ਦਰਜ ਕੀਤਾ ਗਿਆ ਹੈ, ਜੋ ਖ਼ਤਰੇ ਦੇ ਨਿਸ਼ਾਨ ਤੋਂ ਲਗਭਗ ਡੇਢ ਫੁੱਟ ਹੇਠਾਂ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਸੁਖਨਾ ਝੀਲ ਦੇ ਰੈਗੂਲੇਟਰੀ ਐਂਡ ’ਤੇ ਸਥਿਤ ਫਲੱਡ ਗੇਟ ’ਤੇ 24 ਘੰਟੇ ਚੌਕਸੀ ਰੱਖੀ ਜਾ ਰਹੀ ਹੈ। ਜੇਕਰ ਸੁਖਨਾ ਝੀਲ ਵਿੱਚ ਪਾਣੀ ਵਧਦਾ ਹੈ ਤਾਂ ਫਲੱਡ ਗੇਟ ਖੋਲ੍ਹ ਦਿੱਤੇ ਜਾਣਗੇ।
ਹੀਰਾਕਸ਼ੀ ਦੇ ਮਾਮਾ ਦੀ ਗੱਡੀ ’ਤੇ ਡਿੱਗਿਆ ਦਰੱਖਤ
ਪਿਛਲੇ ਸਾਲ ਸੈਕਟਰ 9 ਸਥਿਤ ਕਾਰਮਲ ਕਾਨਵੈਂਟ ਸਕੂਲ ’ਚ ਦਰੱਖਤ ਡਿੱਗਣ ਕਾਰਨ ਜਾਨ ਗਵਾਉਣ ਵਾਲੀ ਵਿਦਿਆਰਥਣ ਹੀਰਾਕਸ਼ੀ ਦੇ ਮਾਮਾ ਅਮਿਤ ਕੁਮਾਰ ਦੀ ਕਾਰ ’ਤੇ ਸੈਕਟਰ 19 ’ਚ ਦਰੱਖਤ ਡਿੱਗ ਗਿਆ। ਇਸ ਦੌਰਾਨ ਕਾਰ ਵਿੱਚ ਕਿਸੇ ਦੇ ਨਾ ਹੋਣ ਕਰਕੇ ਬਚਾਅ ਰਿਹਾ, ਪਰ ਕਾਰ ਦਾ ਨੁਕਸਾਨ ਹੋ ਗਿਆ।
ਪੰਚਕੂਲਾ-ਮੋਰਨੀ ਰਸਤਾ ਬੰਦ ਹੋਇਆ
ਪੰਚਕੂਲਾ (ਪੀ ਪੀ ਵਰਮਾ): ਭਾਰੀ ਮੀਂਹ ਕਾਰਨ ਪੰਚਕੂਲਾ-ਮੋਰਨੀ ਰਸਤਾ ਬਿਲਕੁਲ ਬੰਦ ਹੋ ਗਿਆ। ਜਾਣਕਾਰੀ ਮੁਤਾਬਕ ਪੰਚਕੂਲਾ-ਮੋਰਨੀ ਮੁੱਖ ਮਾਰਗ ਉੱਤੇ ਪਹਾੜ ਦਾ ਮਲਵਾ ਆ ਡਿੱਗਿਆ ਅਤੇ ਵੱਡੇ ਵੱਡੇ ਦਰੱਖ਼ਤ ਵੀ ਸੜਕ ’ਤੇ ਡਿੱਗ ਗਏ। ਖਬਰ ਲਿਖੇ ਜਾਣ ਤੱਕ ਆਸ-ਪਾਸ ਦੇ ਲੋਕ ਸੜਕ ਉੱਤੋਂ ਮਲਵਾ ਅਤੇ ਦਰੱਖਤ ਹਟਾਉਣ ਲੱਗੇ ਹੋਏ ਸਨ। ਰਸਤਾ ਬੰਦ ਹੋ ਜਾਣ ਕਾਰਨ ਦੋਵਾਂ ਪਾਸੇ ਟਰੈਫਿਕ ਜਾਮ ਹੋ ਗਿਆ।