ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 14 ਜਨਵਰੀ
ਇੱਥੋਂ ਦੇ ਸ਼ਮਸ਼ਾਨਘਾਟ ਵਿੱਚ ਅੱਜ ਵੱਖ-ਵੱਖ ਥਾਵਾਂ ’ਤੇ ਅੱਧੀ ਦਰਜਨ ਤੋਂ ਵੱਧ ਮਰੇ ਹੋਏ ਕਾਂ ਮਿਲੇ ਹਨ। ਸੂਚਨਾ ਮਿਲਣ ’ਤੇ ਉੱਥੇ ਜੰਗਲੀ ਜੀਵ ਵਿਭਾਗ ਦੇ ਕਰਮਚਾਰੀਆਂ ਨੇ ਇਨ੍ਹਾਂ ਪੰਛੀਆਂ ਨੂੰ ਇੱਥੋਂ ਚੁਕਵਾ ਕੇ ਪਸ਼ੂ ਹਸਪਤਾਲ ਬਲੌਂਗੀ ਵਿੱਚ ਪਹੁੰਚਾਇਆ ਜਿੱਥੇ ਮ੍ਰਿਤਕ ਕਾਂਵਾਂ ਦੇ ਸੈਂਪਲਾਂ ਲੈ ਕੇ ਉਨ੍ਹਾਂ ਨੂੰ ਜਾਂਚ ਲਈ ਜਲੰਧਰ ਲੈਬ ਵਿੱਚ ਭੇਜਿਆ ਗਿਆ।
ਸ਼ਮਸ਼ਾਨਘਾਟ ਦੇ ਪੰਡਿਤ ਨਰਿੰਦਰ ਪਾਂਡੇ ਨੇ ਦੱਸਿਆ ਕਿ ਇਹ ਕਾਂ ਸ਼ਮਸ਼ਾਨਘਾਟ ਵਿੱਚ ਲੱਗੇ ਦਰੱਖ਼ਤਾਂ ਦੇ ਹੇਠਾਂ ਡਿੱਗੇ ਮਿਲੇ ਹਨ ਅਤੇ ਇਨ੍ਹਾਂ ਨੂੰ ਦੇਖ ਕੇ ਅਜਿਹਾ ਲੱਗਦਾ ਸੀ ਕਿ ਇਹ ਕਿਸੇ ਵਾਇਰਸ ਦਾ ਸ਼ਿਕਾਰ ਹੋਏ ਹਨ। ਮੀਡੀਆ ਟੀਮ ਦੇ ਪਹੁੰਚਣ ’ਤੇ ਇਕ ਕਾਂ ਰੁੱਖ ਥੱਲੇ ਡਿੱਗਿਆ ਪਿਆ ਸੀ ਅਤੇ ਉਹ ਕਾਫੀ ਦੇਰ ਤੱਕ ਜਿਊਂਦਾ ਰਿਹਾ। ਉਨ੍ਹਾਂ ਦੱਸਿਆ ਕਿ ਮਰੇ ਹੋਏ ਕਾਂ ਦੇਖ ਕੇ ਇਸ ਸਬੰਧੀ ਤੁਰੰਤ ਕੰਟਰੋਲ ਰੂਮ ’ਤੇ ਇਤਲਾਹ ਦਿੱਤੀ ਗਈ ਅਤੇ ਪੁਲੀਸ ਕਰਮਚਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਇਸ ਬਾਰੇ ਪਸ਼ੂ ਪਾਲਣ ਵਿਭਾਗ ਨੂੰ ਜਾਣਕਾਰੀ ਦੇਣ ਦੀ ਗੱਲ ਕਹੀ, ਪ੍ਰੰਤੂ ਚਾਰ ਘੰਟੇ ਤੱਕ ਉੱਥੇ ਕੋਈ ਨਹੀਂ ਪਹੁੰਚਿਆ।
ਇਸ ਸਬੰਧੀ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਹ ਸਿਰਫ਼ ਮੁਰਗੀਆਂ ਦੇ ਹੀ ਸੈਂਪਲ ਇਕੱਠੇ ਕਰ ਰਹੇ ਹਨ ਅਤੇ ਇਨ੍ਹਾਂ ਕਾਂਵਾਂ ਦੀ ਜਾਂਚ ਦਾ ਕੰਮ ਜੰਗਲੀ ਜੀਵ ਵਿਭਾਗ ਦਾ ਹੈ। ਦੂਜੇ ਪਾਸੇ ਜੰਗਲੀ ਜੀਵ ਵਿਭਾਗ ਦੇ ਅਧਿਕਾਰੀ ਦਾ ਕਹਿਣਾ ਸੀ ਕਿ ਜਾਂਚ ਤਾਂ ਪਸ਼ੂ ਪਾਲਣ ਵਿਭਾਗ ਵੱਲੋਂ ਹੀ ਕੀਤੀ ਜਾਣੀ ਹੈ ਅਤੇ ਇਸ ਸਬੰਧੀ ਉਹ ਖ਼ੁਦ ਵੀ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕਰ ਰਹੇ ਹਨ।
ਡਿਵੀਜ਼ਨਲ ਫਾਰੈਸਟ ਅਫਸਰ ਮੋਨਿਕਾ ਯਾਦਵ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੀ ਜਾਣਕਾਰੀ ਵਿੱਚ ਹੈ। ਉਨ੍ਹਾਂ ਨੇ ਪਸ਼ੂ ਪਾਲਣ ਵਿਭਾਗ ਦੀ ਡਿਪਟੀ ਡਾਇਰੈਕਟਰ ਡਾ. ਸੰਗੀਤਾ ਨਾਲ ਵੀ ਗੱਲ ਕੀਤੀ ਹੈ ਅਤੇ ਉਹ ਆਪਣੇ ਕਰਮਚਾਰੀ ਮੌਕੇ ’ਤੇ ਭੇਜ ਰਹੇ ਹਨ। ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਦੀ ਟੀਮ ਵੱਲੋਂ ਮ੍ਰਿਤਕ ਕਾਂ ਪੋਲੀ ਕਲੀਨਿਕ ਪਹੁੰਚਾਏ ਜਾਣਗੇ ਜਿੱਥੋਂ ਇਨ੍ਹਾਂ ਦੇ ਸੈਂਪਲ ਜਾਂਚ ਲਈ ਜਲੰਧਰ ਲੈਬ ਵਿੱਚ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸ਼ਹਿਰ ਵਿੱਚ ਕਈ ਥਾਵਾਂ ਸਿਟੀ ਪਾਰਕ, ਫੇਜ਼-3ਬੀ1 ਅਤੇ ਹੋਰਨਾਂ ਥਾਵਾਂ ’ਤੇ ਕਈ ਕਾਂ ਮਰ ਹੋਣ ਵਾਲੇ ਜਾਣਕਾਰੀ ਮਿਲੀ ਸੀ।
ਭਾਗਸੀ ਵਿੱਚ ਬਗਲਿਆਂ ਨੇ ਦਮ ਤੋੜਿਆ
ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 14 ਜਨਵਰੀ
ਇਥੋਂ ਦੇ ਨੇੜਲੇ ਪਿੰਡ ਭਾਗਸੀ ਦੇ ਖੇਤਾਂ ਵਿੱਚ 40 ਦੇ ਕਰੀਬ ਬਗਲੇ ਮਰੇ ਮਿਲੇ ਹਨ। ਪਿੰਡ ਵਾਸੀਆਂ ਨੇ ਸ਼ੱਕ ਪ੍ਰਗਟਾਇਆ ਕਿ ਇਹ ਪੰਛੀ ਬਰਡ ਫਲੂ ਨਾਲ ਮਰੇ ਹਨ।
ਇਸ ਬਾਰੇ ਸਰਪੰਚ ਦੇ ਪਤੀ ਜਤਿੰਦਰ ਸਿੰਘ ਨੇ ਦੱਸਿਆ ਕਿ ਲੰਘੇ ਤਿੰਨ ਤੋਂ ਚਾਰ ਦਿਨਾਂ ਤੋਂ ਪਿੰਡ ਦੇ ਖੇਤਾਂ ਵਿੱਚ ਬਗਲੇ ਮਰ ਰਹੇ ਹਨ। ਮ੍ਰਿਤਕ ਪੰਛੀਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਖੇਤਾਂ ਵਿੱਚ ਰੋਜ਼ਾਨਾ ਪੰਛੀ ਦਾਣਾ ਚੁਗਣ ਲਈ ਆਉਂਦੇ ਹਨ ਪਰ ਲੰਘੇ ਦਿਨਾਂ ਤੋਂ ਇਹ ਪੰਛੀ ਮਰ ਰਹੇ ਹਨ ਜਿਸ ਕਾਰਨ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ।
ਜਤਿੰਦਰ ਸਿੰਘ ਨੇ ਕਿਹਾ ਕਿ ਇਸ ਬਾਰੇ ਉਨ੍ਹਾਂ ਤਿੰਨ ਦਿਨ ਪਹਿਲਾਂ ਹੀ ਸਿਹਤ ਵਿਭਾਗ ਨੂੰ ਸੂਚਿਤ ਕਰ ਦਿੱਤਾ ਸੀ ਪਰ ਹਾਲੇ ਤੱਕ ਕੋਈ ਵੀ ਅਧਿਕਾਰੀ ਜਾਂ ਮੁਲਾਜ਼ਮ ਇੱਥੇ ਜਾਂਚ ਕਰਨ ਨਹੀਂ ਪਹੁੰਚਿਆ ਜਦਕਿ ਮ੍ਰਿਤਕ ਪੰਛੀਆਂ ਦੀ ਤਾਦਾਤ ਵਧਦੀ ਜਾ ਰਹੀ ਹੈ। ਇਸ ਬਾਰੇ ਪੋਲਟਰੀ ਮਾਹਿਰ ਡਾ. ਨਵਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਿਹਤ ਵਿਭਾਗ ਵੱਲੋਂ ਜਾਣਕਾਰੀ ਮਿਲੀ ਹੈ ਜਿਸ ਮਗਰੋਂ ਕਲ੍ਹ ਉਨ੍ਹਾਂ ਦੀ ਟੀਮ ਜਾ ਕੇ ਮ੍ਰਿਤਕ ਪੰਛੀਆਂ ਦੇ ਸੈਂਪਲ ਇਕੱਤਰ ਕਰੇਗੀ।
ਉਨ੍ਹਾਂ ਕਿਹਾ ਕਿ ਇਹ ਪੰਛੀ ਬਰਡ ਫਲੂ ਨਾਲ ਮਰੇ ਹਨ ਇਸਦਾ ਖੁਲਾਸਾ ਰਿਪੋਰਟ ਆਉਣ ਤੋਂ ਬਾਅਦ ਹੀ ਹੋਏਗਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਡੇਰਾਬੱਸੀ ਖੇਤਰ ਵਿੱਚ 30 ਦੇ ਕਰੀਬ ਪੋਲਟਰੀ ਫਾਰਮਾਂ ਵਿੱਚੋਂ 300 ਦੇ ਕਰੀਬ ਮੁਰਗੀਆਂ ਦੇ ਸੈਂਪਲ ਲੈ ਕੇ ਲੈਬ ਵਿੱਚ ਭੇਜੇ ਗਏ ਹਨ ਜਿਨ੍ਹਾਂ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ।
ਮਰੀਆਂ ਮੁਰਗੀਆਂ ਦਬਾਉਣ ਲਈ ਥਾਂ ਘਟੀ
ਪੰਚਕੂਲਾ (ਪੀਪੀ ਵਰਮਾ): ਪੋਲਟਰੀ ਫਾਰਮਾਂ ਵਿੱਚ ਰੋਜ਼ਾਨਾ ਧੜਾਧੜ ਮਰ ਰਹੀਆਂ ਹਜ਼ਾਰਾਂ ਮੁਰਗੀਆਂ ਬਰਵਾਲਾ ਤੇ ਰਾਏਪੁਰਰਾਣੀ ਬਲਾਕ ਦੇ ਲੋਕਾਂ ਲਈ ਖਤਰਾ ਬਣੀਆਂ ਹੋਈਆਂ ਹਨ। ਮਰੀਆਂ ਮੁਰਗੀਆਂ ਦਫਨਾਉਣ ਲਈ ਬਣਾਈ ਟੀਮ ਦੇ ਮੈਂਬਰ ਕੁਝ ਦਿਨ ਕਾਰਵਾਈ ਕਰਨ ਤੋਂ ਬਾਅਦ ਹੁਣ ਅਗਲੀ ਕਾਰਵਾਈ ਕਰਨ ਤੋਂ ਕਿਨਾਰਾ ਕਰ ਰਹੇ ਹਨ। ਦੂਜੇ ਪਾਸੇ ਪਸ਼ੂ ਪਾਲਣ ਵਿਭਾਗ ਮਰੀਆਂ ਮੁਰਗੀਆਂ ਦੇ ਸੈਂਪਲਾਂ ਦੀ ਰਿਪੋਰਟ ਆਉਣ ਦਾ ਇੰਤਜ਼ਾਰ ਕਰ ਰਿਹਾ ਹੈ। ਪੋਲਟਰੀ ਫਾਰਮਾਂ ਦੇ ਮਾਲਕਾਂ ਨੇ ਕਿਹਾ ਕਿ ਅਧਿਕਾਰੀ ਪੋਲਟਰੀ ਫਾਰਮਾਂ ਵਿੱਚ ਆਉਣ ਦੀ ਜਹਿਮਤ ਨਹੀਂ ਉਠਾ ਰਹੇ। ਫਾਰਮਾਂ ਵਿੱਚ ਭਾਰੀ ਗਿਣਤੀ ਵਿੱਚ ਮੁਰਗੀਆਂ ਮਰ ਰਹੀਆਂ ਹਨ, ਉਨ੍ਹਾਂ ਨੂੰ ਦਬਾਉਣ ਵਾਸਤੇ ਜਗ੍ਹਾ ਘੱਟ ਪੈ ਰਹੀ ਹੈ। ਪੋਲਟਰੀ ਫਾਰਮਾਂ ਦੇ ਮਾਲਕ ਇਸ ਗੱਲੋਂ ਵੀ ਚਿੰਤਤ ਹਨ ਕਿ ਜਿਹੜੇ ਮਜ਼ਦੂਰ ਪੋਲਟਰੀ ਫਾਰਮਾਂ ਵਿੱਚ ਕੰਮ ਕਰ ਰਹੇ ਹਨ ਕਿਤੇ ਉਨ੍ਹਾਂ ਦੀ ਸਿਹਤ ਖਰਾਬ ਨਾ ਹੋ ਜਾਵੇ। ਪੋਲਟਰੀ ਫਾਰਮਾਂ ਦੇ ਮਾਲਕਾਂ ਵਿੱਚੋਂ ਪ੍ਰਵੇਸ਼ ਛਾਬੜਾ, ਸੁਰਿੰਦਰ ਗੋਇਲ, ਰਾਜਬੀਰ, ਦੀਪਕ ਅਗਰਵਾਲ ਅਤੇ ਹੋਰ ਕਈਆਂ ਦਾ ਕਹਿਣਾ ਹੈ ਕਿ ਇਸ ਮੁਸ਼ਕਿਲ ਦੀ ਘੜੀ ਵਿੱਚ ਪ੍ਰਸ਼ਾਸਨ ਦਾ ਸਹਿਯੋਗ ਬਹੁਤ ਘੱਟ ਮਿਲ ਰਿਹਾ ਹੈ। ਪਸ਼ੂ ਪਾਲਣ ਵਿਭਾਗ ਦੇ ਇੱਕ ਅਧਿਕਾਰੀ ਰਣਜੀਤ ਸਿੰਘ ਅਨੁਸਾਰ ਬਰਵਾਲਾ ਇਲਾਕੇ ਦੇ ਕਰੀਬ 40 ਤੋਂ 50 ਪੋਲਟਰੀ ਫਾਰਮਾਂ ਦੇ ਸੈਂਪਲ ਲੈ ਕੇ ਭੁਪਾਲ ਲੈਬਾਰਟਰੀ ਵਿੱਚ ਜਾਂਚ ਲਈ ਭੇਜੇ ਗਏ ਹਨ। ਜਦੋਂ ਤੱਕ ਉਸ ਦੀ ਰਿਪੋਰਟ ਨਹੀਂ ਆ ਜਾਂਦੀ, ਉਹ ਕੁਝ ਨਹੀਂ ਕਰ ਸਕਦੇ।