ਪੰਚਕੂਲਾ: ਹਰਿਆਣਾ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਨੇ ਨਗਰ ਨਿਗਮ ਪੰਚਕੂਲਾ ਵਿੱਚ ਇੱਕ ਅਹਿਮ ਮੀਟਿੰਗ ਦੌਰਾਨ ਕਿਹਾ ਕਿ ਜਦੋਂ ਤੱਕ ਟੈਲੀਕੌਮ ਕੰਪਨੀਆਂ ਦੀ ਕੇਵਲ ਲਾਈਨ ਅਤੇ ਮੋਬਾਈਲ ਟਾਵਰਾਂ ਦੀ ਬਕਾਇਆ ਰਾਸ਼ੀ ਨਗਰ ਨਿਗਮ ਨੂੰ ਨਹੀਂ ਮਿਲੇਗੀ, ਉਦੋਂ ਤੱਕ ਮੋਬਾਈਲ ਟਾਵਰ ਅਤੇ ਕੇਵਲ ਲਾਈਨ ਵਿਛਾਉਣ ਦੀ ਇਜ਼ਾਜਤ ਨਹੀਂ ਮਿਲੇਗੀ। ਨਗਰ ਨਿਗਮ ਵਿੱਚ ਕੀਤੀ ਗਈ ਅਹਿਮ ਮੀਟਿੰਗ ਦੌਰਾਨ ਸਪੀਕਰ ਗਿਆਨ ਚੰਦ ਗੁਪਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵੱਖ-ਵੱਖ ਟੈਲੀਕੌਮ ਕੰਪਨੀਆਂ ਵੱਲ 100 ਕਰੋੜ ਤੋਂ ਵੱਧ ਕਈ ਸਾਲਾਂ ਦਾ ਬਕਾਇਆ ਬਾਕੀ ਹੈ। ਗੁਪਤਾ ਨੇ ਦੱਸਿਆ ਕਿ ਉਨ੍ਹਾਂ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਵੱਖ-ਵੱਖ ਕੰਪਨੀਆਂ ਕੋਲੋਂ ਬਕਾਇਆ ਰਾਸ਼ੀ ਲਏ ਜਾਣ ਬਾਰੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਕਈ ਸਰਕਾਰੀ ਵਿਭਾਗਾਂ ਵਾਲਿਆਂ ਨੇ ਨਗਰ ਨਿਗਮ ਕੋਲ ਪ੍ਰਾਪਰਟੀ ਟੈਕਸ ਵੀ ਜਮ੍ਹਾਂ ਨਹੀਂ ਕਰਵਾਇਆ। ਉਨ੍ਹਾਂ ਨਿਗਮ ਦੇ ਅਧਿਕਾਰੀਆਂ ਨੂੰ ਕਿਹਾ ਕਿ ਜਲਦੀ ਤੋਂ ਜਲਦੀ ਪ੍ਰਾਪਰਟੀ ਟੈਕਸ ਵਸੂਲੇ ਜਾਣ। -ਪੱਤਰ ਪ੍ਰੇਰਕ