ਕੁਲਦੀਪ ਸਿੰਘ
ਚੰਡੀਗੜ੍ਹ, 22 ਅਕਤੂਬਰ
ਪੀਜੀਆਈ ਚੰਡੀਗੜ੍ਹ ਵਿੱਚ ਪਿਛਲੇ ਤਿੰਨ ਸਾਲਾਂ ਦੌਰਾਨ ਮਿਸਾਲੀ ਖੋਜ ਕਾਰਜਾਂ ਲਈ ਕੰਮ ਕਰਨ ਵਾਲੇ 47 ਡਾਕਟਰਾਂ ਨੂੰ ਅੱਜ ਅੱਠਵੇਂ ਸਾਲਾਨਾ ਖੋਜ ਦਿਵਸ ਮੌਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਕੋਵਿਡ ਸ਼੍ਰੇਣੀ ਨਾਲ ਸਬੰਧਤ 58 ਪਰਚਿਆਂ ਸਣੇ ਕੁੱਲ 576 ਖੋਜ ਪੱਤਰਾਂ ਦੀ ਰਿਕਾਰਡ ਗਿਣਤੀ ਨਾਲ ਇਸ ਵੱਕਾਰੀ ਸੰਸਥਾ ਦਾ ਖੋਜ ਕਾਰਜ ਸਫ਼ਲ ਹੋਇਆ। ਪੀਜੀਆਈ ਦੇ ਭਾਰਗਵ ਆਡੀਟੋਰੀਅਮ ਵਿੱਚ ਕਰਵਾਏ ਗਏ ਸਾਲਾਨਾ ਖੋਜ ਦਿਵਸ ਸਬੰਧੀ ਸਮਾਗਮ ’ਚ ਦੇਸ਼ ਦੇ ਦੋ ਉੱਘੇ ਮੈਡੀਕਲ ਵਿਗਿਆਨੀ ਅਤੇ ਪੀਜੀਆਈ ਦੇ ਸਾਬਕਾ ਡਾਇਰੈਕਟਰ ਪ੍ਰੋ. ਵਾਈ.ਕੇ. ਚਾਵਲਾ ਅਤੇ ਸਾਬਕਾ ਡੀਨ (ਰਿਸਰਚ) ਪ੍ਰੋ. ਦਿਗੰਬਰ ਬੇਹਰਾ ਕ੍ਰਮਵਾਰ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਸੰਸਥਾ ਦੇ ਡੀਨ (ਰਿਸਰਚ) ਅਤੇ ਮੈਡੀਕਲ ਸੁਪਰਡੈਂਟ ਪ੍ਰੋ. ਏ.ਕੇ. ਗੁਪਤਾ ਨੇ ਕਿਹਾ ਕਿ ਅੱਠਵੇਂ ਖੋਜ ਦਿਵਸ ਨੂੰ ਇਸ ਤਰ੍ਹਾਂ ਦਾ ਭਰਵਾਂ ਹੁੰਗਾਰਾ ਮਿਲਣਾ ਆਪਣੇ ਆਪ ਵਿੱਚ ਬਹੁਤ ਵੱਡੀ ਅਤੇ ਖੁਸ਼ੀ ਵਾਲੀ ਗੱਲ ਹੈ। ਮੁੱਖ ਮਹਿਮਾਨ ਪ੍ਰੋ. ਵਾਈ.ਕੇ. ਚਾਵਲਾ ਨੇ ਕਿਹਾ ਕਿ ਦੇਸ਼ ਵਿੱਚ ਸਾਰਿਆਂ ਲਈ ਸਸਤੀ ਸਿਹਤ ਦੇਖਭਾਲ ਨੂੰ ਯਕੀਨੀ ਬਣਾਉਣ ਲਈ ਖੋਜ ਅਤੇ ਨਵੀਨਤਾ ਹੀ ਇੱਕੋ-ਇੱਕ ਰਸਤਾ ਹੈ। ਇੱਥੇ ਸਿਰਫ਼ 8 ਫ਼ੀਸਦ ਲੋਕਾਂ ਕੋਲ ਹੀ ਸਿਹਤ ਬੀਮਾ ਹੈ ਜਦਕਿ 3.9 ਕਰੋੜ ਲੋਕ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ। ਹਾਲਾਂਕਿ, ਭਾਰਤ ਵਿੱਚ ਸਿਹਤ ਖੇਤਰ ਦਾ ਵਿਕਾਸ ਬਹੁਤ ਜ਼ਿਆਦਾ ਰਿਹਾ ਹੈ ਅਤੇ ਸਿਹਤ ਸੰਭਾਲ ਸਹੂਲਤਾਂ ਵਿੱਚ ਕਾਫ਼ੀ ਤਬਦੀਲੀ ਆਈ ਹੈ ਪਰ ਫਿਰ ਵੀ ਘੱਟ ਲਾਗਤ ਵਿਚ ਇਲਾਜ ਦੀ ਸਹੂਤਲ ਦੇਣ ’ਤੇ ਧਿਆਨ ਕੇਂਦਰਿਤ ਕਰਨਾ ਸਮੇਂ ਦੀ ਲੋੜ ਹੈ।
ਪ੍ਰੋ. ਚਾਵਲਾ ਨੇ ਪੀਜੀਆਈ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖੋਜ ਪ੍ਰਦਰਸ਼ਨੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਪਹਿਲਕਦਮੀਆਂ ਨੇ ਨੌਜਵਾਨ ਪੇਸ਼ੇਵਰਾਂ ਨੂੰ ਉਤਸ਼ਾਹਿਤ ਕਰਕੇ ਨਵੀਆਂ ਤਕਨੀਕਾਂ ਅਤੇ ਖੋਜ ਲਈ ਸਮਰੱਥ ਵਾਤਾਵਰਨ ਬਣਾਉਣ ਵਿੱਚ ਕਾਫ਼ੀ ਅੱਗੇ ਵਧਾਇਆ ਹੈ।
ਪ੍ਰੋ. ਦਿਗੰਬਰ ਬੇਹਰਾ ਨੇ ਕਿਹਾ, ‘‘ਬਿਮਾਰੀਆਂ ਦੇ ਇਲਾਜ ਦੀ ਖੋਜ ਕਰਨ ਵਿੱਚ ਡਾਕਟਰੀ ਨਿਸ਼ਚਿਤ ਤੌਰ ’ਤੇ ਮਹੱਤਵਪੂਰਨ ਕਿੱਤਾ ਹੈ ਪ੍ਰੰਤੂ ਮਨੁੱਖੀ ਸਿਹਤ ਅਤੇ ਤੰਦਰੁਸਤੀ ’ਤੇ ਖੋਜ ਕਰਨਾ ਵੀ ਓਨਾ ਹੀ ਮਹੱਤਵਪੂਰਨ ਹੈ। ਇਸ ਤਰ੍ਹਾਂ ਸਾਨੂੰ ਅਜਿਹੇ ਲੋਕਾਂ ਨੂੰ ਖੋਜ ਲਈ ਤਿਆਰ ਕਰਨ ਅਤੇ ਉਤਸ਼ਾਹਿਤ ਕਰਨ ਦੀ ਲੋੜ ਹੈ ਜੋ ਬਿਮਾਰੀਆਂ ਦਾ ਇਲਾਜ ਕਰਦੇ ਹਨ ਅਤੇ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਦਾ ਕੰਮ ਕਰਦੇ ਹਨ।’’ ਪੀਜੀਆਈ ਦੇ ਡਾਇਰੈਕਟਰ ਪ੍ਰੋ. ਜਗਤ ਰਾਮ ਨੇ ਕਿਹਾ ਕਿ ਖੋਜਾਰਥੀਆਂ ਵੱਲੋਂ ਦਿਖਾਇਆ ਗਿਆ ਉਤਸ਼ਾਹ ਸੰਸਥਾ ਦੇ ਵਿਸ਼ਾਲ ਖੋਜ ਨਤੀਜਿਆਂ ਨੂੰ ਬਾਹਰ ਲਿਆਉਂਦਾ ਹੈ। ਉਨ੍ਹਾਂ ਸਨਮਾਨੇ ਗਏ ਡਾਕਟਰਾਂ ਨੂੰ ਵਧਾਈ ਦਿੱਤੀ।