ਬੀਐੱਸ ਚਾਨਾ
ਸ੍ਰੀ ਆਨੰਦਪੁਰ ਸਾਹਿਬ, 6 ਅਪਰੈਲ
ਸਾਬਕਾ ਸੰਸਦ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਗੁਰੂ ਨਗਰੀ ਸ੍ਰੀ ਆਨੰਦਪੁਰ ਸਾਹਿਬ ਪਹੁੰਚੇ ਤੇ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਬਣਨ ਤੋਂ ਬਾਅਦ ਸੂਬੇ ਅੰਦਰ ਬਦਅਮਨੀ ਦਾ ਮਾਹੌਲ ਹੈ। ਗੈਂਗਸਟਰਾਂ ਵੱਲੋਂ ਰਾਹ ਜਾਂਦੇ ਲੋਕਾਂ ’ਤੇ ਗੋਲੀਆਂ ਚਲਾਈਆਂ ਜਾ ਰਹੀਆਂ ਹਨ ਅਤੇ ਕਬੱਡੀ ਮੈਚਾਂ ਵਿਚ ਖਿਡਾਰੀਆਂ ਦੇ ਕਤਲ ਹੋ ਰਹੇ ਹਨ ਪਰ ਸਰਕਾਰ ਹੱਥ ’ਤੇ ਹੱਥ ਧਰ ਕੇ ਬੈਠੀ ਹੋਈ ਹੈ। ਪੱਤਰਕਾਰਾਂ ਗੱਲਬਾਤ ਕਰਦਿਆਂ ਕੇਂਦਰ ਦੀ ਮੋਦੀ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦਿਆਂ ਉਨ੍ਹਾਂ ਕਿਹਾ ਕਿ ਸੀਬੀਆਈ ਅਤੇ ਈਡੀ ਨੂੰ ਆਪਣੇ ਰਾਜਸੀ ਵਿਰੋਧੀਆਂ ਲਈ ਵਰਤਣਾ ਜਮਹੂਰੀਅਤ ਲਈ ਖ਼ਤਰੇ ਦੀ ਘੰਟੀ ਹੈ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਬੁਰੀ ਹਾਰ ਤੋਂ ਬਾਅਦ ਦਿੱਲੀ ਵਿੱਚ ਅਕਾਲੀ ਦਲ ਦੇ ਸਮੂਹ ਲੀਡਰਾਂ ਵੱਲੋਂ ਦਲ ਨੂੰ ਤਿਲਾਂਜਲੀ ਦੇਣ ਬਾਰੇ ਉਨ੍ਹਾਂ ਕਿਹਾ ਕਿ ਆਪਣੀ ਪਾਰਟੀ ਬਣਾਉਣ ਦਾ ਸਭ ਨੂੰ ਹੱਕ ਹੈ ਪਰ ਦਿੱਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਜਲਦੀ ਹੀ ਉੱਭਰ ਕੇ ਸਾਹਮਣੇ ਆਵੇਗਾ। ਇਸ ਮੌਕੇ ਉਨ੍ਹਾਂ ਨਾਲ ਸਰਕਲ ਪ੍ਰਧਾਨ ਜਥੇਦਾਰ ਸੁਰਿੰਦਰ ਸਿੰਘ ਮਟੌਰ ਅਤੇ ਜਥੇਦਾਰ ਰਾਮ ਸਿੰਘ, ਸਾਬਕਾ ਕੌਂਸਲਰ ਇੰਦਰਜੀਤ ਸਿੰਘ ਬੇਦੀ, ਸੁਖਵਿੰਦਰ ਸਿੰਘ ਬਿੱਟੂ, ਦਵਿੰਦਰ ਸਿੰਘ ਢਿੱਲੋਂ, ਨਿਤਿਨ ਨੰਦਾ, ਪਰਮਜੀਤ ਸਿੰਘ ਪੰਮਾ, ਹਰਭਜਨ ਸਿੰਘ ਜੋਗੀ, ਕਿਸ਼ੋਰ ਸਿੰਘ ਬੰਗੜ ਸਮੇਤ ਵੱਡੀ ਗਿਣਤੀ ਅਕਾਲੀ ਵਰਕਰ ਹਾਜ਼ਰ ਸਨ।