ਚੰਡੀਗੜ੍ਹ: ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ 115ਵੇਂ ਜਨਮ ਦਿਨ ਨੂੰ ਸਮਰਪਿਤ ਉਨ੍ਹਾਂ ਦੀ ਜ਼ਿੰਦਗੀ ਦੇ ਅਣਛੋਹੇ ਪਲਾਂ ਤੇ ਘਟਨਾਵਾਂ ਦੀ ਗੱਲ ਕਰਦੇ ਸੰਜੀਵਨ ਸਿੰਘ ਵੱਲੋਂ ਲਿਖੇ, ਨਿਰਦੇਸ਼ਤ ਕੀਤੇ ਅਤੇ ਰੰਜੀਵਨ ਸਿੰਘ ਵੱਲੋਂ ਡਿਜ਼ਾਇਨ ਕੀਤੇ ਨਾਟਕ ‘ਸਰਦਾਰ’ ਦਾ ਮੰਚਨ ਸਰਘੀ ਕਲਾ ਕੇਂਦਰ ਵੱਲੋਂ ਰੰਧਾਵਾ ਆਡੀਟੋਰੀਅਮ, ਪੰਜਾਬ ਕਲਾ ਭਵਨ, ਸੈਕਟਰ-16 ਚੰਡੀਗੜ੍ਹ ਵਿੱਚ ਹੋਇਆ। ਇਸ ਮੌਕੇ ਡਿਪਟੀ ਮੇਅਰ ਨਗਰ ਨਿਗਮ ਮੁਹਾਲੀ ਕੁਲਜੀਤ ਸਿੰਘ ਬੇਦੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਲਮਕਾਰ ਜਸਪਾਲ ਮਾਨਖੇੜਾ ਅਤੇ ਅਦਾਕਾਰ ਜਸਬੀਰ ਗਿੱਲ ਨੇ ਕਿਹਾ ਕਿ ਨਾਟਕ ‘ਸਰਦਾਰ’ ਵਿਚ ਸ਼ਹੀਦ ਭਗਤ ਸਿੰਘ ਦੀ ਜ਼ਿੰਦਗੀ ਦੀਆਂ ਪਰਤਾਂ ਨੂੰ ਸੰਜੀਵਨ ਨੇ ਬਾਖੂਬੀ ਫਰੋਲਿਆ ਹੈ। ਨਾਟਕ ਵਿਚ ਪੰਜਾਬੀ ਰੰਗਮੰਚ ਤੇ ਫਿਲਮਾਂ ਦੇ ਅਦਾਕਾਰ ਜਸਦੀਪ ਸਿੰਘ ਨੇ ਭਗਤ ਸਿੰਘ ਦਾ ਕਿਰਦਾਰ, ਰੰਜੀਵਨ ਸਿੰਘ ਨੇ ਫਨਿੰਦਰ ਨਾਥ ਘੋਸ਼ ਦਾ ਕਿਰਦਾਰ, ਰਿੰਕੂ ਜੈਨ ਨੇ ਸ਼ਿਵ ਵਰਮਾ ਦਾ ਕਿਰਦਾਰ, ਮਨਦੀਪ ਸਿੰਘ ਨੇ ਪ੍ਰਕਾਸ਼ ਸਿੰਘ ਦਾ ਕਿਰਦਾਰ, ਮਨਪ੍ਰੀਤ ਮਨੀ ਨੇ ਚੰਦਰ ਦਾ ਕਿਰਦਾਰ ਸਫਲਤਾ ਨਾਲ ਨਿਭਾਏ। -ਸਾਹਿਤ ਪ੍ਰਤੀਨਿਧ