ਪੱਤਰ ਪ੍ਰੇਰਕ
ਲਾਲੜੂ, 12 ਸਤੰਬਰ
ਕਾਂਗਰਸ ਸਰਕਾਰ ਦੇ ਵਿਕਾਸ ਦੇ ਦਾਅਵਿਆ ਦੀ ਪੋਲ ਖੋਲ੍ਹ ਰਿਹਾ ਵਾਰਡ ਨੰਬਰ 17, ਦੱਪਰ ਕਾਲੋਨੀ, ਜਿਥੇ ਨਾ ਕੋਈ ਪੱਕੀ ਗਲੀ, ਨਾ ਨਾਲੀ ਤੇ ਸੀਵਰੇਜ ਦਾ ਦੁਸ਼ਿਤ ਪਾਣੀ ਲੋਕਾਂ ਦੇ ਘਰਾਂ ਦੇ ਬਾਹਰ ਖੜ੍ਹਾ ਹੈ। ਜਿਸ ਕਾਰਨ ਲੋਕ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ। ਕੌਂਸਲ ਦੇ ਅਧਿਕਾਰੀਆਂ ਤੇ ਕੌਂਸਲਰ ਵੱਲੋਂ ਕਈ ਵਾਰ ਸਮੱਸਿਆ ਦੱਸਣ ਉਪਰੰਤ ਕੋਈ ਕਾਰਵਾਈ ਨਹੀਂ ਹੋਈ, ਜਿਸ ਕਾਰਨ ਵਾਰਡ ਵਾਸੀਆਂ ਨੇ ਸਖਤ ਰੋਸ ਪ੍ਰਗਟ ਕੀਤਾ ਹੈ।
ਨਗਰ ਖੇੜੇ ਦੇ ਨਜ਼ਦੀਕ ਵਾਲੀ ਗਲੀ ਦੀ ਨਿਵਾਸੀ ਗੀਤਾ, ਉੂਸ਼ਾ, ਨੈਬ, ਜਵਾਹਰ ਲਾਲ, ਸੁਰਿੰਦਰ, ਸੁਗਰੀਬ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਉਹ ਨਰਕ ਭਰੀ ਜ਼ਿੰਦਗੀ ਜੀ ਰਹੇ ਹਨ। ਕਾਂਗਰਸੀ ਆਗੂਆਂ ਨੇ ਪਹਿਲਾਂ ਵਿਧਾਨ ਸਭਾ ਤੇ ਫਿਰ ਕੌਂਸਲ ਦੀਆਂ ਚੋਣਾਂ ਤੋਂ ਬਾਅਦ ਸਮੱਸਿਆ ਹੱਲ ਕਰਨ ਦਾ ਵਾਅਦਾ ਕੀਤਾ ਸੀ, ਪਰ ਅੱਜ ਵੀ ਉਨ੍ਹਾਂ ਦਾ ਵਾਅਦਾ ਵਫ਼ਾ ਨਹੀਂ ਹੋਇਆ। ਅੱਜ ਵੀ ਗਲੀਆਂ, ਨਾਲੀਆਂ ਕੱਚੀਆਂ, ਗੰਦਾ ਤੇ ਦੂਸ਼ਿਤ ਪਾਣੀ ਗਲੀਆਂ ਵਿਚਕਾਰ ਖੜ੍ਹਾ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਚਾਰੇ ਪਾਸੇ ਗੰਦਗੀ ਹੈ, ਸਾਹ ਲੈਣਾ ਵੀ ਮੁਸ਼ਕਲ ਹੋਇਆ ਪਿਆ ਹੈ। ਬਰਸਾਤ ਦੇ ਦਿਨਾਂ ਵਿੱਚ ਹਾਲਤ ਹੋਰ ਵੀ ਗੰਭੀਰ ਹੋ ਜਾਂਦੀ ਹੈ, ਗਲੀਆਂ ’ਚ ਖੜੇ ਪਾਣੀ ਕਾਰਨ ਘਰਾਂ ਦੀਆਂ ਕੰਧਾਂ ’ਚ ਤਰੇੜਾਂ ਪੈ ਗਈਆਂ ਹਨ। ਵਾਰਡ ਦੀ ਕੌਂਸਲਰ ਦੇ ਪਤੀ ਨੂੰ ਕਈ ਵਾਰ ਸਮੱਸਿਆ ਬਾਰੇ ਦੱਸਿਆ ਪਰ ਕੋਈ ਹੱਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਜੇ ਸਮੱਸਿਆਵਾਂ ਦਾ ਹੱਲ ਨਾ ਹੋਇਆ ਤਾਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦਾ ਵਿਰੋਧ ਕੀਤਾ ਜਾਵੇਗਾ।
ਨਗਰ ਕੌਂਸਲ ਲਾਲੜੂ ਦੇ ਈਓ ਅਸ਼ੋਕ ਕੁਮਾਰ ਨੇ ਕਿਹਾ ਕਿ ਅਧਿਕਾਰੀਆਂ ਨੂੰ ਭੇਜ ਕੇ ਸਮੱਸਿਆ ਦਾ ਛੇਤੀ ਹੱਲ ਕਰਵਾ ਲਿਆ ਜਾਵੇਗਾ।
ਕੈਪਸਨ: ਵਾਰਡ ਨੰਬਰ 17 ਦੀਆਂ ਗਲੀਆਂ ’ਚ ਖੜੇ ਗੰਦੇ ਪਾਣੀ ਨੂੰ ਵਿਖਾਉਂਦੇ ਹੋਏ ਵਾਰਡ ਵਾਸੀ।- ਫੋਟੋ: ਭੱਟੀ