ਐਸ.ਏ.ਐਸ. ਨਗਰ (ਮੁਹਾਲੀ)(ਪੱਤਰ ਪ੍ਰੇਰਕ):
ਵਿਗਿਆਨ ਟੈਕਨਾਲੋਜੀ ਤੇ ਵਾਤਾਵਰਨ ਵਿਭਾਗ ਪੰਜਾਬ ਵੱਲੋਂ ਪੰਜਾਬ ਬਾਇਓ-ਟੈਕਨਾਲੋਜੀ ਇਨਕਿਊਬੇਟਰ ਕੰਪਲੈਕਸ ਸੈਕਟਰ-81 ਵਿੱਚ ‘ਜ਼ਮੀਨ ਦੀ ਸਿਹਤ ਅਰੋਗਤਾ ਵਿੱਚ ਸੁਧਾਰ ਲਈ ਤੇਜ਼ੀ ਲਿਆਉਣ, ਸੋਕੇ ਦੀ ਸਥਿਤੀ ’ਚੋਂ ਉੱਭਰਨ ਅਤੇ ਮਾਰੂਥਲ ਦਾ ਟਾਕਰਾ ਕਰਨ’’ ਦੇ ਵਿਸ਼ੇ ਉੱਤੇ ਰਾਜ ਪੱਧਰੀ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ। ਇਸ ਮੌਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਹਵਾ ਅਤੇ ਪਾਣੀ ਦੀ ਗੁਣਵੱਤਾ ਦੀ ਜਾਂਚ ਲਈ ਤਿਆਰ ਕੀਤੀਆਂ ਚਾਰ ਮੋਬਾਈਲ ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਕ ਮੋਬਾਈਲ ਵੈਨ ਪੰਜਾਬ ਭਰ ਵਿੱਚ ਵੱਖ-ਵੱਖ ਥਾਵਾਂ ’ਤੇ ਹਵਾ ਦੀ ਗੁਣਵੱਤਾ ਦਾ ਮੁਲਾਂਕਣ ਕਰਨ ਲਈ ਵਰਤੀ ਜਾਵੇਗੀ, ਜਦੋਂਕਿ ਪਾਣੀ ਦੇ ਨਮੂਨੇ ਲੈਣ ਵਾਲੀਆਂ ਤਿੰਨ ਵੈਨਾਂ ਵੱਖ-ਵੱਖ ਵਾਤਾਵਰਨ ਮਾਪਦੰਡਾਂ ਦੇ ਨਮੂਨੇ ਇਕੱਤਰ ਕਰਨ, ਸੰਭਾਲਣ ਅਤੇ ਮੌਕੇ ’ਤੇ ਟੈੱਸਟ ਕਰਨ ਲਈ ਸਮਰਪਿਤ ਹੋਣਗੀਆਂ।