ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 16 ਸਤੰਬਰ
ਇੱਥੋਂ ਦੇ ਸੈਕਟਰ-70 ਦੇ ਵਸਨੀਕ ਅਤੇ ਸਮਾਜ ਸੇਵੀ ਆਗੂ ਕੰਵਲ ਨੈਨ ਸਿੰਘ ਸੋਢੀ ਵੱਲੋਂ ਆਵਾਰਾ ਕੁੱਤਿਆਂ ਦੀ ਨਸਬੰਦੀ ਵਿੱਚ ਕਥਿਤ ਹੇਰਾਫੇਰੀ ਅਤੇ ਲਾਪਰਵਾਹੀ ਦੇ ਮਾਮਲੇ ਖ਼ਿਲਾਫ਼ ਲੋਕ ਅਦਾਲਤ ਵਿੱਚ ਦਾਇਰ ਕੇਸ ਸਬੰਧੀ ਅਦਾਲਤ ਦੇ ਹੁਕਮਾਂ ਤੋਂ ਬਾਅਦ ਮੁਹਾਲੀ ਨਗਰ ਨਿਗਮ ਨੇ ਪਟੀਸ਼ਨਰ ਨੂੰ 50 ਹਜ਼ਾਰ ਰੁਪਏ ਦੇ ਹਰਜਾਨੇ ਦਾ ਚੈੱਕ ਸੌਂਪਿਆ ਹੈ। ਸ੍ਰੀ ਸੋਢੀ ਨੇ ਅੱਗੇ ਇਹ ਰਕਮ ਸੈਕਟਰ-70 ਦੇ ਪਾਰਕ ਵਿੱਚ ਚਲਦੀ ਨਾਨੂੰ ਦਾਦੂ ਰਸੋਈ ਨੂੰ ਦਾਨ ਦੇ ਦਿੱਤੀ ਹੈ। ਸ੍ਰੀ ਸੋਢੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ 2016 ਵਿੱਚ ਲੋਕ ਅਦਾਲਤ ਵਿੱਚ ਕੇਸ ਦਾਇਰ ਗਿਆ ਸੀ, ਜਿਸ ਦਾ ਫ਼ੈਸਲਾ 2023 ਵਿੱਚ ਹੋਇਆ ਸੀ ਅਤੇ ਅਦਾਲਤ ਨੇ ਮੁਹਾਲੀ ਨਗਰ ਨਿਗਮ ਨੂੰ ਆਵਾਰਾ ਕੁੱਤਿਆਂ ਦੀ ਨਸਬੰਦੀ ਦਾ ਕੰਮ ਸਹੀ ਤਰੀਕੇ ਨਾਲ ਕਰਨ ਦੇ ਨਿਰਦੇਸ਼ ਜਾਰੀ ਕਰਨ ਨਾਲ-ਨਾਲ ਉਨ੍ਹਾਂ ਨੂੰ ਹਰਜਾਨੇ ਦਾ ਭੁਗਤਾਨ ਕਰਨ ਦੇ ਆਦੇਸ਼ ਦਿੱਤੇ ਸਨ। ਇਸ ਸਬੰਧੀ ਨਗਰ ਨਿਗਮ ਨੇ ਬੀਤੇ ਦਿਨੀਂ ਉਨ੍ਹਾਂ (ਪਟੀਸ਼ਨਰ ਕੰਵਲ ਨੈਨ ਸਿੰਘ ਸੋਢੀ) ਨੂੰ 50 ਹਜ਼ਾਰ ਰੁਪਏ ਦਾ ਚੈੱਕ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿੱਚ ਵੀ ਸ਼ਹਿਰ ਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਲਈ ਕਾਨੂੰਨੀ ਲੜਾਈ ਜਾਰੀ ਰੱਖਣਗੇ।