ਦਰਸ਼ਨ ਸਿੰਘ ਸੋਢੀ
ਐੱਸ.ਏ.ਐੱਸ. ਨਗਰ (ਮੁਹਾਲੀ), 16 ਅਗਸਤ
ਵਿਸ਼ੇਸ਼ ਟਾਸਕ ਫੋਰਸ ਵੱਲੋਂ ਅੱਜ ਇਕ ਵਿਅਕਤੀ ਨੂੰ 500 ਗ੍ਰਾਮ ਹੈਰੋਇਨ, ਅਸਲੇ ਤੇ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਸ਼ੇਰ ਸਿੰਘ ਵਾਸੀ ਗੁਰੂ ਨਾਨਕ ਨਗਰ, ਪਟਿਆਲਾ ਵਜੋਂ ਹੋਈ ਹੈ। ਇਹ ਜਾਣਕਾਰੀ ਅੱਜ ਇੱਥੇ ਐੱਸਟੀਐੱਫ਼ ਦੇ ਏਆਈਜੀ ਕਸ਼ਮੀਰ ਸਿੰਘ ਗਿੱਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਐੱਸਟੀਐੱਫ਼, ਥਾਣਾ ਫੇਜ਼-4, ਮੁਹਾਲੀ ਵਿੱਚ ਐੱਨਡੀਪੀਐੱਸ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਏਆਈਜੀ ਗਿੱਲ ਨੇ ਦੱਸਿਆ ਕਿ ਐੱਸਟੀਐੱਫ਼ ਨੇ ਸੂਚਨਾ ਮਿਲਣ ’ਤੇ ਡੀਐਸਪੀ ਰਾਜੇਸ਼ ਕੁਮਾਰ ਦੀ ਨਿਗਰਾਨੀ ਹੇਠ ਐੱਸਟੀਐੱਫ਼ ਥਾਣਾ ਫੇਜ਼-4 ਦੇ ਐੱਸਐੱਚਓ ਸਤਨਾਮ ਸਿੰਘ ਗਿੱਲ ਦੀ ਅਗਵਾਈ ਹੇਠਲੀ ਟੀਮ ਨੇ ਰੌਇਲ ਅਸਟੇਟ ਜ਼ੀਰਕਪੁਰ ਦੀ ਘੇਰਾਬੰਦੀ ਕਰ ਕੇ ਸ਼ੇਰ ਸਿੰਘ ਨੂੰ ਮੌਕੇ ’ਤੇ ਗ੍ਰਿਫ਼ਤਾਰ ਕਰ ਲਿਆ।ਤਲਾਸ਼ੀ ਲੈਣ ’ਤੇ ਮੁਲਜ਼ਮ ਕੋਲੋਂ ਇਟਲੀ ਦਾ ਬਣਿਆ ਪਿਸਤੌਲ ਤੇ 8 ਕਾਰਤੂਸ, .32 ਬੋਰ ਦਾ ਰਿਵਾਲਵਰ ਤੇ 9 ਕਾਰਤੂਸ ਅਤੇ 25 ਲੱਖ 15 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਉਸ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ।