ਸ਼ਸ਼ੀ ਪਾਲ ਜੈਨ
ਖਰੜ 14 ਸਤੰਬਰ
ਸ਼ਹਿਰ ਅੰਦਰ ਆਵਾਰਾ ਗਊਆਂ ਅਤੇ ਹੋਰ ਪਸ਼ੂਆਂ ਦੇ ਸ਼ਰ੍ਹੇਆਮ ਘੁੰਮਣ ਨਾਲ ਜਿਥੇ ਇੱਕ ਪਾਸੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ ਉਥੇ ਇਹ ਪਸ਼ੂ ਸੜਕਾਂ ਉਤੇ ਬੈਠੇ ਰਹਿੰਦੇ ਹਨ ਅਤੇ ਇਨ੍ਹਾਂ ਕਾਰਨ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ। ਪਰਸੂਰਾਮ ਸੈਨਾ ਸੰਘ ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਮੋਹਿਤ ਕੁਮਾਰ ਨੇ ਕਿਹਾ ਕਿ ਇਹ ਪਸ਼ੂ ਦਿਨ ਵਿਚ ਤਾਂ ਲੋਕਾਂ ਨੂੰ ਤੰਗ ਕਰਦੇ ਹਨ ਅਤੇ ਇਹ ਰਾਤ ਸਮੇਂ ਵੀ ਸੜਕਾਂ ਉਤੇ ਬੈਠੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਗਊ ਟੈਕਸ ਦੇ ਨਾਂ ਤੇ ਕਰੋੜਾ ਰੁਪਏ ਇਕੱਠੇ ਕਰ ਰਹੀ ਹੈ ਪਰ ਇਨ੍ਹਾਂ ਪਸ਼ੂਆਂ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀ ਪੰਜਾਬ ਗਊ ਕਮਿਸ਼ਨ ਦੇ ਆਗੂਆਂ ਵਲੋਂ ਇਹ ਕਿਹਾ ਗਿਆ ਸੀ ਕਿ ਖਰੜ ਵਿੱਚ ਸਮਾਰਟ ਗਊਸ਼ਾਲਾ ਬਣਾਈ ਜਾਵੇਗੀ। ਉਨ੍ਹਾਂ ਮੰਗ ਕੀਤੀ ਹੈ ਕਿ ਤੁਰੰਤ ਇਥੇ ਸਮਾਰਟ ਗਊਸ਼ਾਲਾ ਬਣਾਈ ਜਾਵੇ ਤਾਂ ਜੋ ਲੋਕਾਂ ਨੂੰ ਇਨ੍ਹਾਂ ਆਵਾਰਾ ਪਸ਼ੂਆਂ ਤੋਂ ਨਿਜਾਤ ਮਿਲ ਸਕੇ।
ਫ਼ਸਲਾਂ ਦੇ ਊਜਾੜੇ ਤੋਂ ਕਿਸਾਨ ਪ੍ਰੇਸ਼ਾਨ
ਡੇਰਾਬੱਸੀ (ਅਤਰ ਸਿੰਘ): ਡੇਰਾਬੱਸੀ ਵਿੱਚ ਸੜਕਾਂ ’ਤੇ ਘੁੰਮਣ ਵਾਲੇ ਲਾਵਾਰਸ ਪਸ਼ੂ ਲੋਕਾਂ ਲਈ ਗੰਭੀਰ ਸਮੱਸਿਆ ਬਣ ਗਏ ਹਨ ਅਤੇ ਕਈਂ ਹਾਦਸੇ ਵਾਪਰ ਚੁਕੇ ਹਨ। ਜ਼ੀਰਕਪੁਰ,ਡੇਰਾਬੱਸੀ ਅਤੇ ਅੰਬਾਲਾ ਜਾਣ ਵਾਲੇ ਮੁੱਖ ਮਾਰਗ ‘ਤੇ ਲਾਵਾਰਸ ਪਸ਼ੂ ਘੁੰਮਦੇ ਆਮ ਵੇਖੇ ਜਾ ਸਕਦੇ ਹਨ। ਰਾਤ ਨੂੰ ਸਥਿਤੀ ਹੋਰ ਵੀ ਵਿਗੜ ਜਾਂਦੀ ਹੈ ਕਿਉਂਕਿ ਸੜਕਾਂ ਤੇ ਬੈਠੇ ਪਸ਼ੂ ਵੱਡੀ ਦੁਰਘਟਨਾ ਦਾ ਕਾਰਨ ਬਣ ਜਾਂਦੇ ਹਨ। ਅੱਜ ਵੀ ਮੋਟਰਸਾਈਕਲ ਸਵਾਰ ਅਖਿਲੇਸ਼ ਕੁਮਾਰ ਜਿਸ ਦੀ ਉਮਰ 27 ਸਾਲ ਸੀ ਆਪਣੇ ਇਕ ਸਾਥੀ ਨਾਲ ਆਪਣੇ ਘਰ ਤੋਂ ਬਰਵਾਲਾ ਜਾ ਰਿਹਾ ਸੀ ਕਿ ਅਚਾਨਕ ਪਸ਼ੂ ਲੜਦੇ ਹੋਏ ਅੱਗੇ ਆ ਗਏ ਅਤੇ ਮੋਟਰਸਾਈਕਲ ਵਿੱਚ ਵੱਜੇ ਜਿਸ ਦੇ ਕਾਰਨ ਦੋਵੇਂ ਜ਼ਖ਼ਮੀ ਹੋ ਗਏ। ਇੱਥੇ ਲਾਵਾਰਸ ਪਸ਼ੂਆਂ ਲਈ 5 ਕਰੋੜ ਦੀ ਲਾਗਤ ਨਾਲ ਬਣਾਈਆਂ ਗਊਸ਼ਾਲਾਵਾਂ ਇਕ ਮਜ਼ਾਕ ਬਣ ਕੇ ਰਹਿ ਗਏ ਹਨ। ਡੇਰਾਬੱਸੀ ਦੇ ਕਿਸਾਨ ਸ਼ੀਤਲ ਸਿੰਘ, ਭਜਨ ਸਿੰਘ ਨੇ ਆਵਾਰਾ ਪਸ਼ੂਆਂ ਊਨ੍ਹਾਂ ਦੀ ਫ਼ਸਲਾਂ ਦਾ ਊਜਾੜਾ ਕਰ ਦਿੰਦੇ ਹਨ। ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਜਗਜੀਤ ਸਿੰਘ ਜੱਜ ਨੇ ਕਿਹਾ ਕਿ ਸੜਕਾਂ ’ਤੇ ਘੁੰਮਦੇ ਲਾਵਾਰਸ ਪਸ਼ੂਆਂ ਨੂੰ ਫੜਨ ਲਈ ਕੈਚਰ ਟੀਮ ਅਤੇ ਗੱਡੀ ਪਹਿਲਾਂ ਵੀ ਮੰਗਵਾਈ ਸੀ ਜੋ ਕਿ ਪਸ਼ੂਆਂ ਨੂੰ ਫੜ ਕੇ ਗਊਸ਼ਾਲਾ ਛੱਡ ਕੇ ਆਈ ਸੀ। ਉਨ੍ਹਾਂ ਭਰੋਸਾ ਦਿੱਤਾ ਕਿ ਛੇਤੀ ਹੀ ਇਸ ਸਮੱਸਿਆ ਦਾ ਹਲ ਹੋ ਜਾਵੇਗਾ।
ਮੁਹਾਲੀ ਦੇ ਪਾਰਕਾਂ ਵਿੱਚ ਬਾਂਦਰਾਂ ਦੀ ਮਾਲਕੀ
ਐੱਸਏਐਸ ਨਗਰ(ਮੁਹਾਲੀ): (ਕਰਮਜੀਤ ਸਿੰਘ ਚਿੱਲਾ):ਇੱਥੋਂ ਦੇ ਫੇਜ਼ ਪਹਿਲਾ ਦੇ ਉਦਯੋਗਿਕ ਖੇਤਰ ਵਿਚਲੇ ਮੈਂਗੋ ਪਾਰਕ ਵਿੱਚ ਬਾਂਦਰਾਂ ਨੇ ਪੱਕਾ ਡੇਰਾ ਜਮਾ ਲਿਆ ਹੈ। ਇੱਥੇ ਦਰਜਨ ਦੇ ਕਰੀਬ ਬਾਂਦਰ ਹਨ ਤੇ ਪਾਰਕ ਵਿੱਚ ਸਵੇਰੇ ਸ਼ਾਮ ਸੈਰ ਕਰਨ ਵਾਲਿਆਂ ਨੂੰ ਬਾਂਦਰ ਪ੍ਰੇਸ਼ਾਨ ਕਰਦੇ ਹਨ। ਪਾਰਕ ਦੇ ਨਾਲ ਖੜ੍ਹਦੀਆਂ ਫ਼ਲਾਂ ਦੀਆਂ ਰੇਹੜੀਆਂ ਵਾਲੇ ਦੁਕਾਨਦਾਰ ਵੀ ਬਾਂਦਰਾਂ ਦੇ ਆਤੰਕ ਤੋਂ ਪ੍ਰੇਸ਼ਾਨ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਬਾਂਦਰ ਉਨ੍ਹਾਂ ਦੀਆਂ ਰੇਹੜੀਆਂ ਤੋਂ ਫ਼ਲ ਚੁੱਕ ਕੇ ਲੈ ਜਾਂਦੇ ਹਨ। ਸਨਅਤੀ ਖੇਤਰ ਦੇ ਵਸਨੀਕਾਂ ਨੇ ਮੰਗ ਕੀਤੀ ਹੈ ਕਿ ਇੱਥੇ ਪੱਕੇ ਡੇਰਾ ਲਗਾਈ ਬੈਠੇ ਬਾਂਦਰਾਂ ਤੋਂ ਨਿਜ਼ਾਤ ਦਿਵਾਈ ਜਾਵੇ।