ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 31 ਜੁਲਾਈ
ਨਗਰ ਨਿਗਮ ਵੱਲੋਂ ਅੱਜ ਸੈਕਟਰ-38 ਰਾਣੀ ਲਕਸ਼ਮੀ ਬਾਈ ਮਹਿਲਾ ਭਵਨ ਵਿੱਚ ਪ੍ਰਧਾਨ ਮੰਤਰੀ ਸਵੈਨਿਧੀ ਯੋਜਨਾ ਅਤੇ ਸਵੈਨਿਧੀ ਮਹੋਤਸਵ ਦੀ ਸਫ਼ਲਤਾ ਸਬੰਧੀ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਸ਼ਹਿਰ ਵਿਚਲੇ ਸਟਰੀਟ ਵੈਂਡਰਾਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਰਥਿਕ ਪੱਖੋ ਮਜ਼ਬੂਤ ਰੱਖਣ ਵਿੱਚ ਸਟਰੀਟ ਵੈਂਡਰਾਂ ਦਾ ਅਹਿਮ ਯੋਗਦਾਨ ਹੈ ਜਿਨ੍ਹਾਂ ਵੱਲੋਂ ਸਸਤੀ ਦਰਾਂ ’ਤੇ ਵਸਤਾਂ ਅਤੇ ਸੇਵਾਵਾਂ ਪ੍ਰਦਾਨ ਕਰਕੇ ਲੋਕਾਂ ਦੇ ਰਹਿਣ-ਸਹਿਣ ਦੀ ਲਾਗਤ ਨੂੰ ਘਟਾਉਣ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸਵੈਨਿਧੀ ਸਕੀਮ ਸਟਰੀਟ ਵੈਂਡਰਾਂ ਨੂੰ ਕਰਜ਼ੇ ਦੀ ਸਹੂਲਤ ਦੇਣ ਲਈ ਸ਼ੁਰੂ ਕੀਤੀ ਗਈ ਸੀ ਤਾਂ ਜੋ ਕਰੋਨਾ ਮਹਾਮਾਰੀ ਤੋਂ ਬਾਅਦ ਉਹ ਮੁੜ ਕਾਰੋਬਾਰ ਸ਼ੁਰੂ ਕਰ ਸਕਣ। ਇਸ ਤੋਂ ਪਹਿਲਾਂ ਸਟਰੀਟ ਵੈਂਡਰਾਂ ਨੂੰ ਉੱਚ ਵਿਆਜ ਦਰਾਂ ’ਤੇ ਕਰਜ਼ਾ ਲੈਣ ਲਈ ਮਜ਼ਬੂਰ ਹੋਣਾ ਪੈਂਦਾ ਸੀ। ਇਸ ਮੌਕੇ ਸਟਰੀਟ ਵੈਂਡਰਾਂ ਵੱਲੋਂ ਸਟਾਲ ਵੀ ਲਗਾਏ ਗਏ। ਬੈਂਕਾਂ ਨੇ ਸਟਰੀਟ ਵੈਂਡਰਾਂ ਨੂੰ ਡਿਜੀਟਲ ਸ਼ਕਤੀਕਰਨ ਲਈ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਦੀ ਜਾਣਕਾਰੀ ਦਿੱਤੀ। ਨਗਰ ਨਿਗਮ ਵੱਲੋਂ ‘ਸਵੈਨਿਧੀ ਮਹੋਤਸਵ’ ’ਤੇ ਕਰਵਾਏ ਗਏ ਸਮਾਗਮ ਨੂੰ ਪਲਾਸਟਿਕ ਦੀਆਂ ਵਸਤੂਆਂ ਤੋਂ ਮੁਕਤ ਰੱਖਿਆ ਗਿਆ।