ਸੰਜੀਵ ਤੇਜਪਾਲ
ਮੋਰਿੰਡਾ, 16 ਜੁਲਾਈ
ਇੱਥੋਂ ਨੇੜਲੇ ਪਿੰਡ ਚਲਾਕੀ ਅਤੇ ਡੂਮਛੇੜੀ ਦੇ ਕਿਸਾਨਾਂ ਦੀਆਂ ਫ਼ਸਲਾਂ ਵਿੱਚ ਪਿਛਲੇ 15 ਦਿਨਾਂ ਤੋਂ ਮੀਂਹ ਦੇ ਪਾਣੀ ਵਿੱਚ ਡੁੱਬੀਆਂ ਖੜ੍ਹੀਆਂ ਹਨ। ਪਾਣੀ ਦੇ ਨਿਕਾਸ ਤੋਂ ਦੋਵਾਂ ਪਿੰਡਾਂ ਵਿੱਚ ਤਣਾਅ ਬਣਿਆ ਹੋਇਆ ਹੈ। ਮੋਰਿੰਡਾ ਤੋਂ ਸ੍ਰੀ ਫਤਹਿਗੜ੍ਹ ਸਾਹਿਬ ਨੂੰ ਜਾਣ ਵਾਲੀ ਸੜਕ ਤੋਂ ਪਿੰਡ ਤਾਜਪੁਰ ਨੂੰ ਜਾਂਦੇ ਕੱਚੇ ਰਸਤੇ ਤੋਂ ਪਹਿਲਾਂ ਪਾਣੀ ਲੰਘ ਜਾਂਦਾ ਸੀ। ਹੁਣ ਚਲਾਕੀ ਵਿੱਚੋਂ ਲੰਘਦੀ ਰੇਲਵੇ ਲਾਈਨ ਦਾ ਪੱਧਰ ਉੱਚਾ ਹੋਣ ਅਤੇ ਕੱਚਾ ਰਸਤਾ ਉੱਚਾ ਹੋਣ ਕਾਰਨ ਪਾਣੀ ਅੱਗੇ ਲੰਘਣ ਦੀ ਥਾਂ ਚਲਾਕੀ ਪਿੰਡ ਦੀ ਪੰਦਰਾਂ ਤੋਂ ਵੀਹ ਏਕੜ ਜ਼ਮੀਨ ਵਿੱਚ ਖੜ੍ਹੀ ਫ਼ਸਲ ਪਾਣੀ ਵਿਚ ਡੁੱਬ ਗਈ ਹੈ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾਈ ਜਨਰਲ ਸਕੱਤਰ ਪਰਮਿੰਦਰ ਸਿੰਘ ਚਲਾਕੀ ਨੇ ਦੱਸਿਆ ਕਿ ਉਨ੍ਹਾਂ ਨੇ ਛੇ ਮਹੀਨੇ ਪਹਿਲਾਂ ਐਸਡੀਐਮ ਮੋਰਿੰਡਾ ਦੇ ਦਫ਼ਤਰ ਵਿਚ ਇਸ ਮਸਲੇ ਨੂੰ ਹੱਲ ਕਰਨ ਸਬੰਧੀ ਦਰਖ਼ਾਸਤ ਦਿੱਤੀ ਸੀ ਪਰ ਸਬੰਧਤ ਅਧਿਕਾਰੀਆਂ ਵੱਲੋਂ ਇਸ ਸਬੰਧੀ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਮੰਗ ’ਤੇ ਸਥਾਨਕ ਪ੍ਰਸ਼ਾਸਨ ਨੇ ਕੱਚੇ ਰਸਤੇ ’ਤੇ ਪਾਉਣ ਲਈ ਉਨ੍ਹਾਂ ਤੋਂ ਪੁਲੀਆਂ ਮੰਗਵਾ ਲਈਆਂ ਪਰ ਪਿੰਡ ਡੂਮਛੇੜੀ ਦੇ ਲੋਕਾਂ ਦੇ ਵਿਰੋਧ ਕਾਰਨ ਮਸਲਾ ਵਿਚਕਾਰ ਹੀ ਲਟਕ ਗਿਆ।
ਪਿੰਡ ਡੂਮਛੇੜੀ ਦੇ ਕਿਸਾਨਾਂ ਜਗਮੋਹਨ ਸਿੰਘ ਤੇ ਹੋਰਾਂ ਨੇ ਦੱਸਿਆ ਕਿ ਕੱਚੇ ਰਸਤੇ ’ਤੇ ਪੁਲੀਆਂ ਪਾਉਣ ਨਾਲ ਚਲਾਕੀ ਦੇ ਖੇਤਾਂ ਦਾ ਪਾਣੀ ਉਨ੍ਹਾਂ ਦੀਆਂ ਫ਼ਸਲਾਂ ਤਕ ਪੁੱਜ ਕੇ ਨੁਕਸਾਨ ਕਰੇਗਾ। ਉਨ੍ਹਾਂ ਕਿਹਾ ਕਿ ਪਿੰਡ ਡੂਮਛੇੜੀ ਤੋਂ ਪਿੰਡ ਕਜੌਲੀ ਨੂੰ ਜਾਣ ਵਾਲੀ ਸੜਕ ’ਤੇ ਵਿਭਾਗ ਵੱਲੋਂ ਪਾਣੀ ਦੇ ਨਿਕਾਸ ਲਈ ਕੋਈ ਵੀ ਪੁਲੀ ਨਹੀਂ ਲਗਾਈ ਗਈ। ਇਸ ਕਾਰਨ ਪਿੰਡ ਡੂਮਛੇੜੀ ਦੇ ਖੇਤਾਂ ਵਿੱਚ ਡੇਢ ਫੁੱਟ ਪਾਣੀ ਖੜ੍ਹਾ ਹੈ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਫ਼ਸਲਾਂ ਬਰਬਾਦ ਹੋ ਰਹੀਆਂ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਵਿਧਾਇਕ ਡਾ. ਚਰਨਜੀਤ ਸਿੰਘ ਨੂੰ ਵੀ ਮਿਲ ਚੁੱਕੇ ਹਨ ਪਰ ਮਸਲੇ ਦਾ ਕੋਈ ਹੱਲ ਨਹੀਂ ਹੋ ਸਕਿਆ।
ਇਸ ਸਬੰਧੀ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਮਸਲੇ ਦੇ ਹੱਲ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਜੇ ਦੋਵਾਂ ਪਿੰਡਾਂ ਦੇ ਲੋਕਾਂ ਨੂੰ ਕੋਈ ਮੁਸ਼ਕਲ ਹੈ ਤਾਂ ਉਹ ਖ਼ੁਦ ਹੱਲ ਦੱਸਣ, ਉਸੇ ਅਨੁਸਾਰ ਮਸਲਾ ਹੱਲ ਕਰਵਾ ਦਿੱਤਾ ਜਾਵੇਗਾ।